ਮਾਹਿਲਪੁਰ ‘ਚ ਹੋਈ ਫਾਈਰਿੰਗ, ਚਾਰ ਨੌਜਵਾਨਾ ‘ਤੇ ਚਲਾਈ ਗੋਲੀ

68

 

ਹੁਸ਼ਿਆਰਪੁਰ (ਵੀਓਪੀ ਬਿਊਰੋ) ਜਿਲਾ ਹੁਸ਼ਿਆਰਪੁਰ ਦੇ ਕਸਬ ਮਾਹਿਲਪੁਰ ਵਿੱਖੇ ਸ਼ੁਕਰਵਾਰ ਸ਼ਾਮ ਪੰਜ ਵਜੇ ਦੇ ਕਰੀਬ 20 ਤੋਂ 25 ਹਥਿਆਬੰਦ ਨੌਜਵਾਨਾ ਨੇ ਚਾਰ ਨੌਜਵਾਨਾਂ ‘ਤੇ ਗੋਲੀ ਚਲਾ ਦਿੱਤੀ, ਨੌਜਵਾਨਾ ਨੇ ਭੱਜ ਕੇ ਜਾਨ ਬਚਾਈ । ਹਥਿਆਰਬੰਦ ਬੰਦ ਨੋਜਵਾਨਾ ਨੇ ਭੱਜੇ ਜਾਂਦੇ ਨੌਜਵਾਨਾ ਦੇ ਪਿੱਛੋਂ ਵੀ ਛੇ ਗੋਲੀਆਂ ਚਲਾਈਆਂ ਪਰੰਤੂ ਬਚਾਅ ਹੋ ਗਿਆ । ਹਮਲਵਾਰਾਂ ਨੇ ਤੇਜਧਾਰ ਹਥਿਆਰਾਂ ਨਾਲ ਇੱਕ ਨੌਜਵਾਨ ਨੂੰ ਜ਼ਖ਼ਮੀ ਵੀ ਕਰ ਦਿੱਤਾ । ਜ਼ਖ਼ਮੀ ਨੌਜਵਾਨ ਨੂੰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਦਾਖ਼ਲ ਕਰਵਾਇਆ ਗਿਆ । ਥਾਣਾ ਮੁਖ਼ੀ ਇਕਬਾਲ ਸਿੰਘ ਪੁਲਿਸ ਪਾਰਟੀ ਲੈ ਕੇ ਮੌਕੇ ‘ਤੇ ਪਹੁੰਚ ਗਏ ।
ਮਿਲੀ ਜਾਣਕਾਰੀ ਅਨੁਸਾਰ ਬਲਕਾਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਲੰਗੇਰੀ, ਗਗਨਪ੍ਰੀਤ ਸਿੰਘ, ਸੁਖ਼ਵੀਰ ਸਿੰਘ ਸੁੱਖ਼ਾ ਨੇ ਪੁਲਿਸ ਨੂੰ ਦਿੱਤੇ ਬਿਆਨਾ ਵਿਚ ਦੱਸਿਆ ਕਿ ਦੁਪਹਿਰ ਵੇਲੇ ਬੌਬੀ ਵਾਸੀ ਰਾਮਪੁਰ ਆਪਣੇ ਸਾਥੀਆਂ ਨਾਲ ਥਾਰ ਜੀਪ ਵਿਚ ਘੁੰਮ ਰਿਹਾ ਸੀ ਅਤੇ ਸ਼ਹਿਰ ਵਿਚ ਹੀ ਜੀਪ ਉਨ੍ਹਾਂ ਨਾਲ ਟਕਰਾਉਣ ਲੱਗੀ ਸੀ, ਜਿਸ ਕਾਰਨ ਥੋੜੀ ਜਿਹੀ ਗਹਿਮਾ ਗਹਿਮੀ ਹੋ ਗਈ।

 

ਉਸ ਤੋਂ ਬਾਅਦ ਸ਼ਾਮ ਨੂੰ ਚਾਰ ਵਜੇ ਦੇ ਕਰੀਬ ਜਦੋਂ ਉਹ ਆਪਣੇ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਫ਼ੁੱਟਬਾਲ ਖ਼ੇਡਣ ਲਈ ਜਾ ਰਹੇ ਸਨ ਤਾਂ ਬੌਬੀ ਨੇ ਉਨ੍ਹਾਂ ਨੂੰ ਫ਼ੋਨ ਕਰਕੇ ਕਿਹਾ ਕਿ ਦੁਪਹਿਰ ਵਾਲੀ ਗੱਲ ਖ਼ਤਮ ਕਰਨੀ ਹੈ ਤੇ ਉਹ ਸ਼ਹੀਦਾਂ ਸਕੂਲ ਲੱਧੇਵਾਲ ਦੇ ਨਜ਼ਦੀਕ ਆ ਜਾਣ। ਉਨ੍ਹਾਂ ਦੱਸਿਆ ਕਿ ਉਹ ਚਾਰੇ ਜਣੇ ਸ਼ਹੀਦਾਂ ਸਕੂਲ ਕੋਲ ਜਿਉਂ ਹੀ ਪਹੁੰਚੇ ਤਾਂ ਤਿੰਨ ਕਾਰਾਂ ਅਤੇ ਇੱਕ ਥਾਰ ਜੀਪ ਵਿਚ ਸਵਾਰ ਦੋ ਦਰਜ਼ਨ ਦੇ ਕਰੀਬ ਨੌਜਵਾਨਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਤੇਜ਼ਧਾਰ ਹਥਿਆਰ ਦੇ ਵਾਰ ਨਾਲ ਬਲਕਾਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਲੰਗੇਰੀ ਜ਼ਖ਼ਮੀ ਹੋ ਗਿਆ। ਉਨ੍ਹਾਂ ਕਿਹਾ ਕਿ ਅਚਾਨਕ ਹੋਏ ਹਮਲੇ ਕਾਰਨ ਉਹ ਘਬਰਾ ਕੇ ਦੌੜ ਪਏ ਤਾਂ ਹਮਲਵਾਰਾਂ ਨੇ ਪਿੱਛੋਂ ਉਨ੍ਹਾਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

 

ਉਨ੍ਹਾਂ ਦੱਸਿਅਆ ਕਿ ਉਹ ਆਪਣੇ ਮੋਟਰ ਸਾਈਕਲ ਉੱਥੇ ਹੀ ਛੱਡ ਕੇ ਮਾਹਿਲਪੁਰ ਸ਼ਹਿਰ ਵੱਲ ਨੂੰ ਭੱਜ ਪਏ। ਹਮਲਾਵਰ ਕਹਾਰਪੁਰ ਵੱਲ ਨੂੰ ਫ਼ਰਾਰ ਹੋ ਗਏ। ਜ਼ਖਮੀ ਬਲਕਾਰ ਸਿੰਘ ਨੂੰ ਤੁੰਰਤ ਸਿਵਲ ਹਸਪਤਾਲ ਮਾਹਿਲਪੁਰ ਲਿਆਂਦਾ ਗਿਆ ਜਿੱਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾਂਦੀ ਹੈ। ਮੌਕੇ ‘ਤੇ ਪਹੁੰਚੀ ਮਾਹਿਲਪੁਰ ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਤਿੰਨ ਚੱਲੇ ਹੋਏ ਕਾਰਤੂਸਾਂ ਦੇ ਖ਼ੋਲ ਬਰਾਮਦ ਕਰ ਲਏ। ਥਾਣਾ ਮੁਖ਼ੀ ਇਕਬਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਤੁੰਰਤ ਇਲਾਕੇ ਦੀ ਘੇਰਾਬੰਦੀ ਕਰਕੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੜਤਾਲ ਤੋਂ ਇਹ ਮਾਮਲਾ ਨਿੱਜੀ ਰੰਜਿਸ਼ ਦਾ ਲਗਦਾ ਹੈ।