ਹਰਜੀਤ ਸਿੰਘ ਗਰੇਵਾਲ ਆਪਣੀ ਘਟੀਆ ਬਿਆਨਬਾਜ਼ੀ ਲਈ ਤੁਰੰਤ ਮੁਆਫੀ ਮੰਗੇ : ਸਿਰਸਾ, ਕਾਲਕਾ

17

ਹਰਜੀਤ ਸਿੰਘ ਗਰੇਵਾਲ ਆਪਣੀ ਘਟੀਆ ਬਿਆਨਬਾਜ਼ੀ ਲਈ ਤੁਰੰਤ ਮੁਆਫੀ ਮੰਗੇ : ਸਿਰਸਾ, ਕਾਲਕਾ

ਦਿੱਲੀ ਗੁਰਦੁਆਰਾ ਕਮੇਟੀ ਤੇ ਅਕਾਲੀ ਦਲ ਦੀ ਦਿੱਲੀ ਇਕਾਈ ਵੱਲੋਂ ਸਿੰਘ ਸਾਹਿਬ ਦੇ ਬਿਆਨ ਦੀ ਡਟਵੀਂ ਹਮਾਇਤ

 

ਨਵੀਂ ਦਿੱਲੀ (ਵੀਓਪੀ ਬਿਊਰੋ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਅਤੇ ਸ਼ੋ੍ਰਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਤੇ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਹਰਮੀਤ ਸਿੰਘ ਕਾਲਕਾ ਨੇ ਭਾਜਪਾ ਨੇਤਾ ਹਰਜੀਤ ਸਿੰਘ ਗਰੇਵਾਲ ਵੱਲੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫ ਕੀਤੀ ਬਿਆਨਬਾਜ਼ੀ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਹੈ ਕਿ ਗਰੇਵਾਲ ਤੁਰੰਤ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਿੰਘ ਸਾਹਿਬ ਤੋਂ ਮੁਆਫੀ ਮੰਗੇ।

ਇਥੇ ਜਾਰੀ ਕੀਤੇ ਇਕ ਸਾਂਝੇ ਬਿਆਨ ਵਿਚ ਸ੍ਰੀ ਸਿਰਸਾ ਤੇ ਸ੍ਰੀ ਕਾਲਕਾ ਨੇ ਕਿਹਾ ਕਿ ਗਰੇਵਾਲ ਨੇ ਜੋ ਕਿਹਾ ਉਹ ਉਹਨਾਂ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ ਅਤੇ ਅਜਿਹੇ ਲੋਕਾਂ ਦਾ ਮਕਸਦ ਸਿਰਫ ਤੇ ਸਿਰਫ ਆਪਣੀ ਹੀ ਕੌਮ ਨੂੰ ਬਦਨਾਮ ਕਰਨਾ ਤੇ ਆਪਣੇ ਕੌਮ ਦੇ ਆਗੂਆਂ ਦੇ ਖਿਲਾਫ ਬੋਲ ਕੇ ਆਪਣੀ ਸਿਆਸੀ ਚੌਧਰ ਦਰਸਾਉਣਾ ਹੁੰਦਾ ਹੈ।

ਦੋਹਾਂ ਆਗੂਆਂ ਨੇ ਕਿਹਾ ਕਿ ਜੋ ਕੁਝ ਵੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸ਼ੋ੍ਰਮਣੀ ਕਮੇਟੀ ਦੇ 100ਵੇਂ ਸਥਾਪਨਾ ਦਿਵਸ ਸਮਾਗਮ ਵਿਚ ਕਿਹਾ, ਉਹ ਕੌਮ ਦੇ ਭਲੇ ਵਾਸਤੇ ਹੀ ਕਿਹਾ। ਉਹਨਾਂ ਕਿਹਾ ਕਿ ਅੱਜ ਹਰ ਸਿੱਖ ਇਹ ਮਹਿਸੂਸ ਕਰ ਰਿਹਾ ਹੈ ਕਿ ਜਥੇਦਾਰ ਸਾਹਿਬ ਨੇ ਜੋ ਚਿੰਤਾ ਜ਼ਾਹਰ ਕੀਤੀ ਹੈ, ਹਰ ਸਿੱਖ ਪਰਿਵਾਰ ਨੂੰ ਉਸ ਬਾਰੇ ਚਿੰਤਨ ਕਰਨਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼ੋ੍ਰਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਦੀ ਇੰਨ ਬਿੰਨ ਡਟਵੀਂ ਹਮਾਇਤ ਕਰਦੀ ਹੈ ਤੇ ਕਿਸੇ ਨੂੰ ਵੀ ਸਿੱਖਾਂ ਦੇ ਸਰਵ ਉਚ ਪਵਿੱਤਰ ਅਸਥਾਨ ਖਿਲਾਫ ਬਿਆਨਬਾਜ਼ੀ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਜੇਕਰ ਕੋਈ ਵੀ ਅਜਿਹੀ ਕੋਝੀ ਹਰਕਤ ਕਰੇਗਾ ਤਾਂ ਇਸਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ।

ਉਹਨਾਂ ਨੇ ਭਾਜਪਾ ਹਾਈ ਕਮਾਂਡ ਨੂੰ ਵੀ ਅਪੀਲ ਕੀਤੀ ਕਿ ਗਰੇਵਾਲ ਦੀ ਇਸ ਘਟੀਆ ਬਿਆਨਬਾਜ਼ੀ ਦਾ ਸਖ਼ਤ ਨੋਟਿਸ ਲਵੇ ਅਤੇ ਦੁਨੀਆਂ ਭਰ ਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਲਈ ਇਸਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।