ਪੀਪੀਸੀਸੀ ਦੇ ਸਾਬਕਾ ਸਕੱਤਰ ਦੀ ਟਰੇਨ ਨਾਲ ਕੱਟ ਕੇ ਮੌਤ

18

-ਹਿਮਾਚਲ ਪ੍ਰਦੇਸ਼ ਜਾਣ ਵਾਲੀ ਟਰੇਨ ਨਾਲ ਹੋਇਆ ਹਾਦਸਾ

-ਮਾਮਲਾ ਦਰਜ, ਜਾਂਚ ਸ਼ੁਰੂ

ਪਠਾਨਕੋਟ : ਵੀਰਵਾਰ ਸਵੇਰੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਸਕੱਤਰ ਤੇ ਸ਼ਹਿਰ ਦੇ ਮਸ਼ਹੂਰ ਹੋਟਲ ਅੱਬੀ ਇੰਟਰਨੈਸ਼ਨਲ ਦੇ ਮਾਲਕ ਰਵਿੰਦਰ ਅੱਬੀ ਦੀ ਟਰੇਨ ਨਾਲ ਕੱਟ ਕੇ ਮੌਤ ਹੋ ਗਈ। ਉਹ 72 ਸਾਲ ਦੇ ਹਨ ਤੇ ਮੌਜੂਦਾ ਸਮੇਂ ਸੈਲੀ ਰੋਡ ‘ਤੇ ਰਹਿੰਦੇ ਸਨ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਉਹ ਤਣਾਅ ਤੋਂ ਗ੍ਰਸਤ ਸਨ। ਪੁਲਿਸ ਨੇ ਧਾਰਾ 174 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਸਵੇਰੇ ਰਵਿੰਦਰ ਅੱਬੀ ਆਪਣੇ ਘਰੋਂ ਨਿਕਲੇ ਤੇ ਜਦੋਂ ਉਹ ਕਾਲੀ ਮਾਤਾ ਮੰਦਰ ਰੋਡ ਤੇ ਢਾਂਗੂ ਰੋਡ ਵਿਚਾਲੇ ਪੈਂਦੇ ਨੈਰੋਗੇਜ ਰੇਲਵੇ ਫਾਟਕ ਕੋਲ ਪਹੁੰਚੇ ਤਾਂ ਟਰੇਨ ਥੱਲੇ ਆ ਗਏ। ਇਸ ਹਾਦਸੇ ‘ਚ ਉਨ੍ਹਾਂ ਦੇ ਸਰੀਰ ਦੋ ਟੋਟੇ ਹੋ ਗਏ। ਗੇਟਮੈਨ ਦੀਪਕ ਦੀਆਂ ਅੱਖਾਂ ਦੇ ਸਾਹਮਣੇ ਸਾਰਾ ਹਾਦਸਾ ਵਾਪਰਿਆ ਤੇ ਉਸ ਨੇ ਤੁਰੰਤ ਇਸ ਦੀ ਜਾਣਕਾਰੀ ਜੀਆਰਪੀ ਨੂੰ ਦਿੱਤੀ। ਗੇਟਮੈਨ ਦੀਪਕ ਨੇ ਦੱਸਿਆ ਕਿ ਸਵੇਰੇ 8.25 ਵਜੇ ਟਰੇਨ ਆਉਣ ਤੋਂ ਪਹਿਲਾਂ ਉਕਤ ਵਿਅਕਤੀ (ਰਵਿੰਦਰ ਅੱਬੀ) ਫਾਟਕ ਨੇੜੇ ਹੀ ਘੁੰਮ ਰਿਹਾ ਸੀ। ਕੁਝ ਦੇਰ ਬਾਅਦ ਜਿਵੇਂ ਹੀ ਜੋਗਿੰਦਰ ਨਗਰ (ਹਿਮਾਚਲ ਪ੍ਰਦੇਸ਼) ਤੋਂ ਪਠਾਨਕੋਟ ਜਾਣ ਵਾਲੀ ਟਰੇਨ ਫਾਟਕ ਕੋਲ ਪਹੁੰਚੀ ਰਵਿੰਦਰ ਨੇ ਅਚਾਨਕ ਟਰੇਨ ਅੱਗੇ ਛਾਲ ਮਾਰ ਦਿੱਤੀ ਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੌਕੇ ‘ਤੇ ਪਹੁੰਚੇ ਜੀਆਰਪੀ ਥਾਣਾ ਦੇ ਇੰਚਾਰਜ ਸਤਪਾਲ ਸਿੰਘ ਨੇ ਦੱਸਿਆ ਕਿ ਲਾਸ਼ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਸੌਂਪ ਦਿੱਤੀ ਗਈ ਹੈ। – ਸਾਭਾਰ ਪੰਜਾਬੀ ਜਾਗਰਣ