ਕਿਸਾਨ ਬੈਠੇ ਨੇ ਦਿੱਲੀ,ਪਿੱਛੇ ਚੋਰ ਖੇਤਾਂ ‘ਚੋਂ ਚੋਰੀ ਕਰਕੇ ਲੈ ਗਏ 6195 ਟਰਾਂਸਫ਼ਾਰਮਰ, ਪੜ੍ਹੋ ਪੁਲਿਸ ਕੀ ਕਹਿ ਰਹੀ ਹੈ

ਕਿਸਾਨ ਬੈਠੇ ਨੇ ਦਿੱਲੀ,ਪਿੱਛੇ ਚੋਰ ਖੇਤਾਂ ‘ਚੋਂ ਚੋਰੀ ਕਰਕੇ ਲੈ ਗਏ 6195 ਟਰਾਂਸਫ਼ਾਰਮਰ, ਪੜ੍ਹੋ ਪੁਲਿਸ ਕੀ ਕਹਿ ਰਹੀ ਹੈ

ਚੰਡੀਗੜ੍ਹ (ਵੀਓਪੀ ਬਿਊਰੋ) – ਪੰਜਾਬ ਵਿੱਚ ਟਰਾਂਸਫ਼ਾਰਮਰ ਚੋਰ ਸਰਗਰਮ ਹੈ। ਛੇ ਮਹੀਨਿਆਂ ਅੰਦਰ ਹੀ 6195 ਟਰਾਂਸਫ਼ਾਰਮਰ ਚੋਰੀ ਹੋ ਗਏ ਹਨ। ਝੋਨੇ ਦੇ ਸੀਜ਼ਨ ਵਿੱਚ ਟਰਾਂਸਫ਼ਾਰਮਰ ਚੋਰੀ ਹੋਣ ਨਾਲ ਕਿਸਾਨਾਂ ਨੂੰ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਦੂਜੇ ਪਾਸੇ ਪਾਵਰਕੌਮ ਤੇ ਪੁਲਿਸ ਦੇ ਅਧਿਕਾਰੀ ਇਸ ਬਾਰੇ ਭੋਰਾ ਵੀ ਗੰਭੀਰ ਨਜ਼ਰ ਨਹੀਂ ਆ ਰਹੇ।

ਇਹ ਸਾਹਮਣੇ ਆਇਆ ਹੈ ਕਿ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੀ ਸਰਹੱਦ ‘ਤੇ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਅੰਦੋਲਨ ਕਰ ਰਹੇ ਹਨ ਜਿਸ ਦਾ ਲਾਹਾ ਟਰਾਂਸਫ਼ਾਰਮਰ ਚੋਰ ਲੈ ਰਹੇ ਹਨ। ਟਰਾਂਸਫ਼ਾਰਮਰ ਚੋਰਾਂ ਦਾ ਗਰੋਹ ਕਿਸਾਨਾਂ ਦੀ ਗੈਰ-ਹਾਜ਼ਰੀ ਦਾ ਫ਼ਾਇਦਾ ਉਠਾ ਰਿਹਾ ਹੈ ਤੇ ਰਾਤ ਨੂੰ ਖੇਤਾਂ ‘ਚ ਲਗਾਏ ਗਏ ਬਿਜਲੀ ਦੇ ਟਰਾਂਸਫ਼ਾਰਮਰ ਚੋਰੀ ਕਰ ਰਿਹਾ ਹੈ।

ਪਾਵਰਕਾਮ ਦੇ ਅੰਕੜਿਆਂ ਅਨੁਸਾਰ ਪਿਛਲੇ 6 ਮਹੀਨਿਆਂ (1 ਜਨਵਰੀ 2021 ਤੋਂ 30 ਜੂਨ 2021) ਦੌਰਾਨ ਸੂਬੇ ‘ਚ 6195 ਟਰਾਂਸਫ਼ਾਰਮਰ ਚੋਰੀ ਹੋਏ ਹਨ। ਇਸ ਕਾਰਨ ਵਿਭਾਗ ਨੂੰ 28 ਕਰੋੜ 56 ਲੱਖ 36 ਹਜ਼ਾਰ 838 ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ 6 ਮਹੀਨਿਆਂ ‘ਚ ਟਰਾਂਸਫ਼ਾਰਮਰ ਤੋਂ ਤੇਲ ਚੋਰੀ ਦੀਆਂ 4338 ਘਟਨਾਵਾਂ ਵੀ ਦਰਜ ਕੀਤੀਆਂ ਗਈਆਂ ਹਨ।

ਬਾਜ਼ਾਰ ‘ਚ ਇਹ ਤੇਲ ਲਗਪਗ 1200 ਰੁਪਏ ਪ੍ਰਤੀ ਲੀਟਰ ਵਿਕਦਾ ਹੈ। ਇਸ ਦੇ ਨਾਲ ਹੀ ਕਿਸਾਨਾਂ ਨੇ ਚੋਰਾਂ ਤੋਂ ਬਚਣ ਲਈ ਲੋਹੇ ਦੀ ਗਰਿੱਲ ਨਾਲ ਟਰਾਂਸਫ਼ਾਰਮਰ ਵੈਲਡਿੰਗ ਵੀ ਕਰਵਾਈ ਹੈ, ਪਰ ਚੋਰ ਗੈਸ ਕਟਰ ਨਾਲ ਗਰਿੱਲ ਕੱਟ ਕੇ ਚੋਰੀ ਕਰ ਰਹੇ ਹਨ। ਕਿਸਾਨਾਂ ਨੂੰ ਫਸਲਾਂ ਦੀ ਸਿੰਚਾਈ, ਥਾਣਿਆਂ ਦੇ ਗੇੜੇ, ਟਰਾਂਸਫ਼ਾਰਮਰ ਬਦਲਣ ‘ਚ ਦੇਰੀ ਤੇ ਬਿਜਲੀ ਦੇ ਕੱਟਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਪੁਲਿਸ ਸਿਰਫ਼ ਐਫਆਈਆਰ ਦਰਜ ਕਰਨ ਤਕ ਹੀ ਸੀਮਤ ਹੈ।

ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ ਝੋਨੇ ਦੇ ਸੀਜ਼ਨ ‘ਚ ਇੱਕ ਤਾਂ ਪਹਿਲਾਂ ਹੀ ਬਿਜਲੀ ਘੱਟ ਮਿਲ ਰਹੀ ਹੈ ਤੇ ਦੂਜੇ ਪਾਸੇ ਟਰਾਂਸਫਾਰਮਰ ਦੀ ਚੋਰੀ ਕਾਰਨ ਕਿਸਾਨਾਂ ਦੀ ਚਿੰਤਾ ਵੱਧ ਰਹੀ ਹੈ। ਕਿਸਾਨਾਂ ਨੇ ਲੋਹੇ ਦੀ ਰਾਡ ਨਾਲ ਟਰਾਂਸਫਾਰਮਰ ਦੀ ਵੈਲਡਿੰਗ ਵੀ ਕਰਵਾਈ, ਪਰ ਚੋਰ ਇਸ ਨੂੰ ਗੈਸ ਕਟਰ ਨਾਲ ਕੱਟ ਕੇ ਚੋਰੀ ਕਰ ਰਹੇ ਹਨ।

Leave a Reply

Your email address will not be published. Required fields are marked *

error: Content is protected !!