
ਜਲੰਧਰ ਸੈਂਟਰਲ ਤੋਂ ਆਪ ਦੇ ਉਮੀਦਵਾਰ ਰਮਨ ਅਰੋੜਾ ਡੇਰਾ ਬੱਲਾਂ ਵਿਖੇ ਹੋਏ ਨਤਮਸਤਕ, ਪੜ੍ਹੋ
ਜਲੰਧਰ (ਵੀਓਪੀ ਬਿਊਰੋ) – ਜਲੰਧਰ ਸੈਂਟਰਲ ਤੋਂ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਚੋਣ ਮੈਦਾਨ ‘ਚ ਉਤਰੇ ਰਮਨ ਅਰੋੜਾ ਨੇ ਅੱਜ ਡੇਰਾ ਸੱਚਖੰਡ ਬੱਲਾਂ ਵਿਖੇ ਮੱਥਾ ਟੇਕਿਆ। ਇਸ ਮੌਕੇ ਰਮਨ ਅਰੋੜਾ ਨੇ ਸੰਤ ਸ਼੍ਰੀ ਨਿਰੰਜਨ ਦਾਸ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹੋਏ ਪਰਮ ਪਿਤਾ ਜੀ ਅੱਗੇ ਅਰਦਾਸ ਕੀਤੀ ਕਿ ਮਹਾਰਾਜ ਜੀ ਦਾ ਆਸ਼ੀਰਵਾਦ ਸਾਡੇ ਸਾਰਿਆਂ ‘ਤੇ ਇਸੇ ਤਰ੍ਹਾਂ ਬਣਿਆ ਰਹੇ ਤਾਂ ਜੋ ਮਹਾਰਾਜ ਜੀ ਵੱਲੋਂ ਸਾਡੇ ਸਮਾਜ ਨੂੰ ਜੋ ਦਿਸ਼ਾ ਦਿੱਤੀ ਗਈ ਹੈ ਤੇ ਸਮਾਜ ਦੀ ਖੁਸ਼ਹਾਲੀ ਅਤੇ ਤਰੱਕੀ ਦਾ ਮਾਰਗ ਦਰਸ਼ਨ ਉਸ ਨੂੰ ਮਿਲ ਰਿਹਾ ਹੈ, ਉਸ ਨੂੰ ਇਸ ਤਰ੍ਹਾਂ ਨਿਰੰਤਰ ਜਾਰੀ ਰੱਖਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸੰਤ ਸ਼੍ਰੀ ਨਿਰੰਜਨ ਦਾਸ ਮਹਾਰਾਜ ਦੀ ਰਹਿਨੁਮਾਈ ਹੇਠ ਸਮਾਜ ਦੇ ਲੋਕਾਂ ਨੂੰ ਪ੍ਰਮਾਤਮਾ ਦੇ ਨਾਮ ਨਾਲ ਜੋੜਨ ਦਾ ਵੱਡਮੁੱਲਾ ਕਾਰਜ ਕੀਤਾ ਜਾ ਰਿਹਾ ਹੈ। ਅਰੋੜਾ ਨੇ ਕਿਹਾ ਕਿ ਸੰਤ ਸ਼੍ਰੀ ਨਿਰੰਜਨ ਦਾਸ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਾਰਤ ਵਿੱਚ ਹੀ ਨਹੀਂ ਸਗੋਂ ਵਿਸ਼ਵ ਭਰ ਵਿੱਚ ਸਮਾਜ ਭਲਾਈ ਅਤੇ ਲੋਕ ਹਿੱਤ ਦੇ ਕੰਮ ਕੀਤੇ ਜਾ ਰਹੇ ਹਨ।
ਇਸ ਮੌਕੇ ਰਮਨ ਅਰੋੜਾ ਨੇ ਕਿਹਾ ਕਿ ਇਸ ਡੇਰੇ ਦੀ ਹਦੂਦ ‘ਚ ਆਉਂਦਿਆਂ ਹੀ ਮਨ ਨੂੰ ਸ਼ਾਂਤੀ ਦਾ ਅਹਿਸਾਸ ਹੁੰਦਾ ਹੈ ਅਤੇ ਹਰ ਮਨੋਕਾਮਨਾ ਪੂਰੀ ਹੁੰਦੀ ਹੈ। ਦੱਸ ਦੇਈਏ ਕਿ ਡੇਰਾ ਸੱਚਖੰਡ ਬੱਲਾਂ ਦਾ ਪੰਜਾਬ ਦੇ ਸਮਾਜਿਕ-ਰਾਜਨੀਤਿਕ ਤਾਣੇ-ਬਾਣੇ ਵਿੱਚ ਇੱਕ ਪ੍ਰਮੁੱਖ ਸਥਾਨ ਹੈ। ਦੁਆਬੇ ਵਿੱਚ ਵੱਡੀ ਗਿਣਤੀ ਵਿੱਚ ਡੇਰੇ ਦੇ ਪੈਰੋਕਾਰ ਹਨ।

