Skip to content
ਰਾਣਾ ਗੁਰਜੀਤ ਨੇ ਸੁਖਪਾਲ ਖਹਿਰਾ ਨੂੰ ਪਾਰਟੀ ‘ਚੋਂ ਕੱਢਣ ਲਈ ਲਿਖੀ ਚਿੱਠੀ, ਕਿਹਾ ਦਾਗ਼ੀ ਬੰਦਿਆਂ ਨੂੰ ਟਿਕਟ ਨਹੀਂ ਮਿਲਣੀ ਚਾਹੀਦੀ, ਪੜ੍ਹੋ

ਜਲੰਧਰ (ਵੀਓਪੀ ਬਿਊਰੋ) – ਪੰਜਾਬ ਦੀਆਂ ਚੋਣਾਂ ਨੂੰ ਇਕ ਮਹੀਨਾ ਬਾਕੀ ਹੈ ਪਰ ਕਾਂਗਰਸ ਦਾ ਕਲੇਸ਼ ਖਤਮ ਨਹੀਂ ਹੋਇਆ। ਹੁਣ ਕੈਬਨਿਟ ਮੰਤਰੀ ਰਾਣਾ ਗੁਰਜੀਤ ਆਪਣੇ ਹੀ ਸਰਕਾਰ ਦੇ ਸਿਆਸਦਾਨਾਂ ਉਪਰ ਤੰਜ਼ ਕੱਸ ਰਹੇ ਹਨ। ਰਾਣਾ ਨੇ ਸੁਖਪਾਲ ਖਹਿਰਾ ਜੋ ਭੁੱਲਥ ਤੋਂ ਕਾਂਗਰਸ ਦੇ ਉਮੀਦਵਾਰ ਹਨ, ਉਨ੍ਹਾਂ ਨੂੰ ਪਾਰਟੀ ਚੋਂ ਕੱਢਣ ਲਈ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਹੈ।

ਸੋਨੀਆ ਗਾਂਧੀ ਨੂੰ ਲਿਖੇ ਪੱਤਰ ਵਿੱਚ ਰਾਣਾ ਨੇ ਕਿਹਾ ਕਿ ਖਹਿਰਾ ਇਸ ਸਮੇਂ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਹਨ। ਇਹ ਅਨਿਯਮਿਤ ਸੰਪਤੀ ਜਾਂ ਪੈਸੇ ਨੂੰ ਸ਼ਾਮਲ ਕਰਨ ਵਾਲੇ ਮਨੀ ਲਾਂਡਰਿੰਗ ਦਾ ਆਮ ਤੌਰ ‘ਤੇ ਸਾਹਮਣੇ ਆਉਣ ਵਾਲਾ ਮਾਮਲਾ ਨਹੀਂ ਹੈ। ਸਗੋਂ ਇਹ ਡਰੱਗ ਮਨੀ ਨਾਲ ਜੁੜਿਆ ਮਾਮਲਾ ਹੈ। ਮੰਤਰੀ ਰਾਣਾ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਕਾਂਗਰਸ ਨਸ਼ਿਆਂ ਦੇ ਮੁੱਦੇ ‘ਤੇ ਸਖ਼ਤ ਸਟੈਂਡ ਲਵੇ ਅਤੇ ਜੋ ਵਿਅਕਤੀ ਇਨ੍ਹਾਂ ਦੋਸ਼ਾਂ ‘ਚ ਦਾਗੀ ਹੈ ਅਤੇ ਜੇਲ੍ਹ ‘ਚ ਹੈ, ਉਸ ਨੂੰ ਟਿਕਟ ਨਹੀਂ ਮਿਲਣੀ ਚਾਹੀਦੀ ।
ਤੁਹਾਨੂੰ ਦੱਸ ਦਈਏ ਕਿ ਥੋੜੇ ਦਿਨ ਪਹਿਲਾਂ ਸੁਖਪਾਲ ਖਹਿਰਾ, ਬਾਵਾ ਹੈਨਰੀ, ਬਲਵਿੰਦਰ ਧਾਲੀਵਾਲ ਤੇ ਨਵਤੇਜ ਚੀਮਾ ਨੇ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਰਾਣਾ ਨੂੰ ਪਾਰਟੀ ਚੋਂ ਕੱਢਣ ਦੀ ਮੰਗ ਕੀਤੀ ਸੀ। ਰਾਣਾ ਨੇ ਨਵਤੇਜ ਚੀਮਾ ਦੀ ਥਾਂ ਆਪਣੇ ਬੇਟੇ ਇੰਦਰ ਪ੍ਰਤਾਪ ਰਾਣਾ ਲਈ ਸੁਲਤਾਨਪੁਰ ਹਲਕੇ ਤੋਂ ਟਿਕਟ ਮੰਗੀ ਸੀ ਪਰ ਸਿੱਧੂ ਦੇ ਕਰੀਬੀ ਹੋਣ ਕਰਕੇ ਨਵਤੇਜ ਚੀਮਾ ਨੂੰ ਟਿਕਟ ਮਿਲ ਗਈ ਸੀ।
