ਧਾਰਮਿਕ ਅਸਥਾਨ ‘ਤੇ ਜਾਂਦੇ ਹੋਏ ਪਲਟੀ ਟਰਾਲੀ, 3 ਸ਼ਰਧਾਲੂਆਂ ਦੀ ਮੌਤ ਤੇ 6 ਜਣੇ ਹੋਏ ਜ਼ਖ਼ਮੀ

ਧਾਰਮਿਕ ਅਸਥਾਨ ‘ਤੇ ਜਾਂਦੇ ਹੋਏ ਪਲਟੀ ਟਰਾਲੀ, 3 ਸ਼ਰਧਾਲੂਆਂ ਦੀ ਮੌਤ ਤੇ 6 ਜਣੇ ਹੋਏ ਜ਼ਖ਼ਮੀ

ਊਨਾ (ਵੀਓਪੀ ਬਿਊਰੋ) ਪੰਜਾਬ ਦੇ ਸ਼ਰਧਾਲੂਆਂ ਦੀ ਟਰੈਕਟਰ-ਟਰਾਲੀ ਹਿਮਾਚਲ ਪ੍ਰਦੇਸ਼ ਵਿਚ ਪਲਟਣ ਕਾਰਨ ਕਾਰਨ 3 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਇਸ ਦੌਰਾਨ 6 ਸ਼ਰਧਾਲੂ ਜ਼ਖਮੀ ਹੋ ਗਏ ਹਨ। ਉਕਤ ਘਟਨਾ ਊਨਾ ਦੇ ਹਾਜੀਪੁਰੀ ਨੇੜੇ ਵਾਪਰੀ ਹੈ। ਸ਼ਰਧਾਲੂ ਪੀਰ ਨਿਗਾਹੇ ਧਾਰਮਿਕ ਅਸਥਾਨ ਉੱਤੇ ਦਰਸ਼ਨਾਂ ਲਈ ਜਾ ਰਹੇ ਸਨ ਕਿ ਰਸਤੇ ਵਿਚ ਹੀ ਦੁੱਖਦਾਈ ਹਾਦਸਾ ਵਾਪਰ ਗਿਆ।

ਘਟਨਾ ਤੋਂ ਬਾਅਦ ਜ਼ਖਮੀ ਸ਼ਰਧਾਲੂਆਂ ਨੂੰ ਨੇੜਲੇ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ ਹੈ। ਜਦ ਕਿ ਇਕ ਸ਼ਰਧਾਲੂ ਨੂੰ ਗੰਭੀਰ ਹਾਲਤ ਵਿੱਚ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਦੀ ਗੜ੍ਹਸ਼ੰਕਰ ਤਹਿਸੀਲ ਦੇ ਕਸਬਾ ਹਾਜੀਪੁਰ ਤੋਂ ਟਰੈਕਟਰ ਟਰਾਲੀ ‘ਤੇ ਸਵਾਰ 9 ਸ਼ਰਧਾਲੂ ਪੀਰ ਨਿਗਾਹ ਧਾਰਮਿਕ ਸਥਾਨ ਉੱਤੇ ਜਾ ਰਹੇ ਸਨ। ਮ੍ਰਿਤਕਾਂ ਦੀ ਪਛਾਣ ਰਾਜੇਸ਼ ਤੇ ਮਨੋਹਰ ਲਾਲ ਵਾਸੀ ਗੜ੍ਹਸ਼ੰਕਰ ਹੋਈ ਹੈ ਅਤੇ ਇਕ ਦੀ ਅਜੇ ਪਛਾਣ ਨਹੀਂ ਹੋਈ। ਹਾਦਸੇ ਦਾ ਕਾਰਨ ਵਾਹਨ ਦਾ ਬੇਕਾਬੂ ਹੋਣਾ ਦੱਸਿਆ ਜਾ ਰਿਹਾ ਹੈ।

ਮਾਮਲੇ ਦੇ ਜਾਂਚ ਅਧਿਕਾਰੀ ਡੀਐੱਸਪੀ ਅਨਿਲ ਨੇ ਦੱਸਿਆ ਸੂਚਨਾ ਮਿਲਦੇ ਹੀ ਪੁਲੀਸ ਟੀਮ ਮੌਕੇ ’ਤੇ ਪੁੱਜੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਗਿਆ ਹੈ, ਜਦਕਿ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।