ਹਾਈਵੋਲਟੇਜ ਤਾਰਾਂ ਦੀ ਲਪੇਟ ‘ਚ ਆਉਣ ਨਾਲ 2 ਨੌਜਵਾਨਾਂ ਦੀ ਮੌਤ, 5 ਮਜਦੂਰ ਹੋਏ ਜ਼ਖਮੀ

ਹਾਈਵੋਲਟੇਜ ਤਾਰਾਂ ਦੀ ਲਪੇਟ ‘ਚ ਆਉਣ ਨਾਲ 2 ਨੌਜਵਾਨਾਂ ਦੀ ਮੌਤ, 5 ਮਜਦੂਰ ਹੋਏ ਜ਼ਖਮੀ

 

ਲੁਧਿਆਣਾ (ਵੀਓਪੀ ਬਿਊਰੋ) ਨੇੜਲੇ ਪਾਇਲ ਕਸਬੇ ਵਿਚ ਬੀਤੇ ਦਿਨੀਂ ਆਏ ਤੇਜ਼ ਮੀਂਹ ਹਨੇਰੀ ਕਾਰਨ ਟੁੱਟੇ ਮੋਟਰ ਦੇ ਸ਼ੈੱਡ ਨੂੰ ਠੀਕ ਕਰ ਦੇ ਚੱਕਰ ਵਿਚ ਹਾਈਵੋਲਟੇਜ ਤਾਰਾਂ ਦੀ ਲਪੇਟ ਵਿਚ ਆ ਕੇ 2 ਜਣਿਆਂ ਦੀ ਮੌਤ ਹੋ ਗਈ ਤੇ 5 ਹੋਰ ਵੀ ਬੁਰੀ ਤਰਹਾਂ ਨਾਲ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਕਤ ਘਟਨਾ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਹੈ।

ਜਾਣਕਾਰੀ ਮੁਤਾਬਕ ਹਰਵੀਰ ਸਿੰਘ (25) ਤੇ ਕੁਲਜੀਤ ਸਿੰਘ (47) ਦੋਵੇਂ ਬੀਤੇ ਦਿਨ ਭਾਰੀ ਹਨੇਰੀ ਨਾਲ ਖੇਤਾਂ ਵਿੱਚ ਮੋਟਰ ਦੇ ਟੁੱਟੇ ਸ਼ੈਡ ਨੂੰ ਠੀਕ ਕਰ ਰਹੇ ਸਨ, ਜਿਸ ਉਪਰੋਂ ਹਾਈਵੋਲਟੇਜ਼ ਤਾਰਾਂ ਲੰਘਦੀਆਂ ਹਨ। ਦੋਵੇਂ ਮ੍ਰਿਤਕ ਜਦੋਂ ਸ਼ੈਡ ਠੀਕ ਕਰ ਰਹੇ ਸਨ ਤਾਂ ਅਚਾਨਕ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆ ਗਏ, ਜਿਸ ਕਾਰਨ ਦੋਵਾਂ ਦੀ ਮੌਕੇ ‘ਤੇ ਮੌਤ ਹੋ ਗਈ। ਇਸ ਦੌਰਾਨ ਜਦ ਉਹਨਾਂ ਨੂੰ ਬਚਾਉਣ ਲਈ ਨੇੜੇ ਕੰਮ ਕਰਦੇ ਮਜ਼ਦੂਰ ਅੱਗੇ ਆਏ ਤਾਂ ਉਹ ਵੀ ਕਰੰਟ ਨਾਲ ਝੁਲਸ ਗਏ।

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਰੌਣੀ ਚੌਂਕੀ ਇੰਚਾਰਜ ਪ੍ਰਗਟ ਸਿੰਘ ਨੇ ਕਿਹਾ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਖੰਨਾ ਵਿਖੇ ਰਖਵਾ ਦਿੱਤੀਆਂ ਹਨ। ਉਹਨਾਂ ਨੇ ਕਿਹਾ ਕਿ ਮ੍ਰਿਤਕਾਂ ਦੇ ਘਰ ਵਾਲਿਆਂ ਦੇ ਬਿਆਨਾਂ ਦੇ ਆਧਾਰ ਉਤੇ ਅਗਲੀ ਕਾਰਵਾਈ ਕੀਤੀ ਜਾਵੇਗੀ।