ਚੰਡੀਗੜ੍ਹ ‘ਚ ਪੀ.ਐਚ.ਡੀ. ਵਿਦਿਆਰਥਨ ਨੇ ਕੀਤੀ ਖੁਦਕੁਸ਼ੀ, ਕੁਝ ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਚੰਡੀਗੜ੍ਹ ‘ਚ ਪੀ.ਐਚ.ਡੀ. ਵਿਦਿਆਰਥਨ ਨੇ ਕੀਤੀ ਖੁਦਕੁਸ਼ੀ, ਕੁਝ ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੀ.ਐਚ.ਡੀ. ਦੀ 28 ਸਾਲਾ ਵਿਦਿਆਰਥਣ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਕਰਨ ਵਾਲੀ ਵਿਦਿਆਰਥਣ ਦੀ ਪਛਾਣ ਗੁਰਵਿੰਦਰ ਕੌਰ ਵਜੋਂ ਹੋਈ ਹੈ ਤੇ ਉਹ ਲੁਧਿਆਣਾ ਦੀ ਰਹਿਣ ਵਾਲੀ ਸੀ| ਉਹ ਪੀਯੂ ਤੋਂ ਸੰਗੀਤ ਵਿੱਚ ਪੀ.ਐੱਚ.ਡੀ. ਕਰ ਰਹੀ ਸੀ।

ਮ੍ਰਿਤਕ ਚੰਡੀਗੜ੍ਹ ਦੇ ਧਨਾਸ ਇਲਾਕੇ ਦੀ ਹਾਊਸਿੰਗ ਬੋਰਡ ਕਲੋਨੀ ‘ਚ ਇਕ ਮਕਾਨ ਦੀ ਪਹਿਲੀ ਮੰਜ਼ਿਲ ‘ਤੇ ਕਿਰਾਏ ‘ਤੇ ਰਹਿੰਦੀ ਸੀ। ਗੁਰਵਿੰਦਰ ਕੌਰ ਦਾ ਵਿਆਹ ਕਰੀਬ 6 ਮਹੀਨੇ ਪਹਿਲਾਂ ਹੀ ਹੋਇਆ ਸੀ। ਉਸਦਾ ਪਤੀ ਲੁਧਿਆਣਾ ਵਿੱਚ ਰਹਿੰਦਾ ਹੈ ਅਤੇ ਉਥੇ ਕਾਰਾਂ ਦੀ ਡੈਂਟਿੰਗ-ਪੇਂਟਿੰਗ ਦਾ ਕੰਮ ਕਰਦਾ ਹੈ। ਗੁਰਵਿੰਦਰ ਕੌਰ ਹਰ ਸ਼ਨੀਵਾਰ ਆਪਣੇ ਸਹੁਰੇ ਘਰ ਜਾਂਦੀ ਸੀ।

ਗੁਰਵਿੰਦਰ ਕੌਰ ਨੇ ਮੰਗਲਵਾਰ ਸ਼ਾਮ ਜ਼ਹਿਰ ਖਾ ਲਿਆ। ਥੋੜ੍ਹੀ ਦੇਰ ਬਾਅਦ ਉਸ ਦੀ ਹਾਲਤ ਵਿਗੜ ਗਈ ਅਤੇ ਉਲਟੀਆਂ ਆਉਣ ਲੱਗੀਆਂ। ਗੁਰਵਿੰਦਰ ਕੌਰ ਦੇ ਆਂਢ-ਗੁਆਂਢ ਦੇ ਲੋਕਾਂ ਨੂੰ ਸ਼ੱਕ ਹੋਣ ‘ਤੇ ਉਸ ਦੀ ਮਕਾਨ ਮਾਲਕਣ ਨੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਸ ਨੇ ਦਰਵਾਜ਼ਾ ਤੋੜ ਕੇ ਗੁਰਵਿੰਦਰ ਕੌਰ ਨੂੰ ਹਸਪਤਾਲ ਪਹੁੰਚਾਇਆ। ਪੁਲਸ ਨੂੰ ਉਸ ਦੇ ਕਮਰੇ ‘ਚੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ।

ਚੰਡੀਗੜ੍ਹ ਦੇ ਸਾਰੰਗਪੁਰ ਥਾਣੇ ਦੀ ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਫੋਰੈਂਸਿਕ ਟੀਮ ਲੜਕੀ ਦੇ ਕਮਰੇ ਦੀ ਜਾਂਚ ਕਰਨ ਪਹੁੰਚ ਗਈ ਸੀ।