Saturday, July 11, 2026
spot_imgspot_imgspot_imgspot_img
HomeLatest NewsZEE5 ਤੋਂ ਹਟਣ ਤੋਂ ਬਾਅਦ Punjab ਦੇ ਪਿੰਡਾਂ ਤੱਕ ਪਹੁੰਚੀ 'ਸਤਲੁਜ', ਵੱਡੀਆਂ...

ZEE5 ਤੋਂ ਹਟਣ ਤੋਂ ਬਾਅਦ Punjab ਦੇ ਪਿੰਡਾਂ ਤੱਕ ਪਹੁੰਚੀ ‘ਸਤਲੁਜ’, ਵੱਡੀਆਂ ਸਕ੍ਰੀਨਾਂ ‘ਤੇ ਦਿਖਾਈ ਜਾ ਰਹੀ ਫ਼ਿਲਮ; ਪਿੰਡ ਵਾਸੀਆਂ ਦੀ ਜੁੜੀ ਭੀੜ

ਅਦਾਕਾਰ ਦਿਲਜੀਤ ਦੋਸਾਂਝ ਦੀ ਅਦਾਕਾਰੀ ਵਾਲੀ ਫ਼ਿਲਮ ‘ਸਤਲੁਜ’ ਨੂੰ ਓ.ਟੀ.ਟੀ. ਪਲੇਟਫਾਰਮ ਜ਼ੀ5 (ZEE5) ਤੋਂ ਹਟਾਏ ਜਾਣ ਤੋਂ ਬਾਅਦ ਪੰਜਾਬ ਦੇ ਪਿੰਡਾਂ ’ਚ ਇਸ ਨੂੰ ਲੈ ਕੇ ਇੱਕ ਵੱਖਰਾ ਹੀ ਮਾਹੌਲ ਬਣ ਗਿਆ ਹੈ।

ਅਦਾਕਾਰ ਦਿਲਜੀਤ ਦੋਸਾਂਝ ਦੀ ਅਦਾਕਾਰੀ ਵਾਲੀ ਫ਼ਿਲਮ ‘ਸਤਲੁਜ’ ਨੂੰ ਓ.ਟੀ.ਟੀ. ਪਲੇਟਫਾਰਮ ਜ਼ੀ5 (ZEE5) ਤੋਂ ਹਟਾਏ ਜਾਣ ਤੋਂ ਬਾਅਦ ਪੰਜਾਬ ਦੇ ਪਿੰਡਾਂ ’ਚ ਇਸ ਨੂੰ ਲੈ ਕੇ ਇੱਕ ਵੱਖਰਾ ਹੀ ਮਾਹੌਲ ਬਣ ਗਿਆ ਹੈ। ਹੁਣ ਫ਼ਿਲਮ ਦੀ ਸਕ੍ਰੀਨਿੰਗ ਗੁਰਦੁਆਰਿਆਂ, ਪਿੰਡਾਂ ਦੀਆਂ ਸਾਂਝੀਆਂ ਥਾਵਾਂ ਅਤੇ ਖੁੱਲ੍ਹੇ ਮੈਦਾਨਾਂ ਵਿੱਚ ਕੀਤੀ ਜਾ ਰਹੀ ਹੈ। ਕਈ ਪਿੰਡਾਂ ਵਿੱਚ ਗੁਰਦੁਆਰਿਆਂ ਦੇ ਲਾਊਡਸਪੀਕਰਾਂ ਰਾਹੀਂ ਸ਼ਾਮ ਦੇ ਸਮੇਂ ਲੋਕਾਂ ਨੂੰ ਫ਼ਿਲਮ ਦੇਖਣ ਲਈ ਸੱਦਾ ਦਿੱਤਾ ਜਾਂਦਾ ਹੈ। ਐਲਾਨ ਤੋਂ ਬਾਅਦ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਪਰਿਵਾਰਾਂ ਸਮੇਤ ਸਕ੍ਰੀਨਿੰਗ ਵਾਲੀ ਥਾਂ ‘ਤੇ ਪਹੁੰਚ ਰਹੇ ਹਨ।
ਮੋਗਾ, ਸੰਗਰੂਰ, ਪਟਿਆਲਾ, ਅੰਮ੍ਰਿਤਸਰ, ਲੁਧਿਆਣਾ, ਗੁਰਦਾਸਪੁਰ, ਬਰਨਾਲਾ, ਬਠਿੰਡਾ, ਹੁਸ਼ਿਆਰਪੁਰ ਅਤੇ ਰਾਜਪੁਰਾ ਸਮੇਤ ਕਈ ਜ਼ਿਲ੍ਹਿਆਂ ਦੇ ਪਿੰਡ ਇਸ ਮੁਹਿੰਮ ਨਾਲ ਜੁੜ ਚੁੱਕੇ ਹਨ। ਕਿਤੇ ਗੁਰਦੁਆਰਾ ਪ੍ਰਬੰਧਕਾਂ ਨੇ ਪ੍ਰਬੰਧ ਸੰਭਾਲਿਆ ਹੈ ਤਾਂ ਕਿਤੇ ਸਪੋਰਟਸ ਕਲੱਬ, ਸਮਾਜਿਕ ਸੰਸਥਾਵਾਂ ਅਤੇ ਸਥਾਨਕ ਨੌਜਵਾਨ ਐੱਲ.ਈ.ਡੀ. ਸਕ੍ਰੀਨਾਂ, ਪ੍ਰੋਜੈਕਟਰ, ਸਾਊਂਡ ਸਿਸਟਮ ਅਤੇ ਬੈਠਣ ਦੇ ਪ੍ਰਬੰਧ ਕਰ ਰਹੇ ਹਨ। ਕਈ ਪ੍ਰੋਗਰਾਮਾਂ ਦਾ ਖ਼ਰਚਾ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ (ਐੱਨ.ਆਰ.ਆਈ.) ਉਠਾ ਰਹੇ ਹਨ ਤਾਂ ਜੋ ਫ਼ਿਲਮ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ।

ਬੱਚਿਆਂ ਤੋਂ ਲੈ ਕੇ ਬਜ਼ੁਰਗ ਵੀ ਮੌਜੂਦ

ਸਕ੍ਰੀਨਿੰਗ ਦੌਰਾਨ ਪਿੰਡ ਦਾ ਮਾਹੌਲ ਕਿਸੇ ਸਮਾਜਿਕ ਸਮਾਗਮ ਵਰਗਾ ਦਿਖਾਈ ਦਿੰਦਾ ਹੈ। ਬੱਚੇ ਅੱਗੇ ਬੈਠ ਕੇ ਫ਼ਿਲਮ ਦੇਖਦੇ ਹਨ, ਜਦੋਂ ਕਿ ਔਰਤਾਂ ਅਤੇ ਬਜ਼ੁਰਗ ਵੱਖ-ਵੱਖ ਸਮੂਹਾਂ ਵਿੱਚ ਮੌਜੂਦ ਰਹਿੰਦੇ ਹਨ। ਕਈ ਥਾਵਾਂ ‘ਤੇ ਵਲੰਟੀਅਰ ਲੋਕਾਂ ਨੂੰ ਠੰਢਾ ਪਾਣੀ ਅਤੇ ਰਿਫ੍ਰੈਸ਼ਮੈਂਟ ਵੀ ਦੇ ਰਹੇ ਹਨ। ਸ਼ਾਮ ਛੇ ਵਜੇ ਤੋਂ ਬਾਅਦ ਸ਼ੁਰੂ ਹੋਣ ਵਾਲੀਆਂ ਇਨ੍ਹਾਂ ਸਕ੍ਰੀਨਿੰਗਾਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਇਸ ਸਮੂਹਿਕ ਸਕ੍ਰੀਨਿੰਗ ਦੀ ਸ਼ੁਰੂਆਤ ਰਾਜਸਥਾਨ ਦੇ ਸ੍ਰੀਗੰਗਾਨਗਰ ਜ਼ਿਲ੍ਹੇ ਦੇ ਇੱਕ ਪਿੰਡ ਤੋਂ ਹੋਈ ਸੀ। ਇਸ ਤੋਂ ਬਾਅਦ ਇਹ ਸਿਲਸਿਲਾ ਤੇਜ਼ੀ ਨਾਲ ਪੰਜਾਬ ਦੇ ਪਿੰਡਾਂ ਤੱਕ ਫੈਲ ਗਿਆ। ਸੋਸ਼ਲ ਮੀਡੀਆ ‘ਤੇ ਰੋਜ਼ਾਨਾ ਨਵੀਂ ਸਕ੍ਰੀਨਿੰਗ ਦੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਐੱਲ.ਈ.ਡੀ. ਵਾਲ (LED Wall) ਅਤੇ ਸਾਊਂਡ ਸਿਸਟਮ ਮੁਹੱਈਆ ਕਰਵਾਉਣ ਵਾਲੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਲਗਾਤਾਰ ਬੁਕਿੰਗ ਵਧ ਰਹੀ ਹੈ ਅਤੇ ਕਈ ਦਿਨਾਂ ਤੱਕ ਉਨ੍ਹਾਂ ਦੇ ਸਾਰੇ ਉਪਕਰਨ ਪਹਿਲਾਂ ਹੀ ਬੁੱਕ ਹੋ ਚੁੱਕੇ ਹਨ।

ਜਸਵੰਤ ਸਿੰਘ ਖਾਲੜਾ ‘ਤੇ ਅਧਾਰਿਤ ਹੈ ਫ਼ਿਲਮ

ਇਹ ਫ਼ਿਲਮ ਮਨੁੱਖੀ ਅਧਿਕਾਰ ਕਾਰਕੁਨ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਅਧਾਰਿਤ ਹੈ। ਖਾਲੜਾ ਨੇ ਪੰਜਾਬ ਵਿੱਚ ਅੱਤਵਾਦ ਦੇ ਦੌਰ ਦੌਰਾਨ ਕਥਿਤ ਗੈਰ-ਕਾਨੂੰਨੀ ਅੰਤਿਮ ਸੰਸਕਾਰਾਂ ਅਤੇ ਲਾਪਤਾ ਲੋਕਾਂ ਨਾਲ ਜੁੜੇ ਮਾਮਲਿਆਂ ਦਾ ਦਸਤਾਵੇਜ਼ੀਕਰਨ (ਰਿਕਾਰਡ ਤਿਆਰ) ਕੀਤਾ ਸੀ। ਸਤੰਬਰ 1995 ’ਚ ਉਨ੍ਹਾਂ ਨੂੰ ਅਗਵਾ ਕਰਕੇ ਸ਼ਹੀਦ (ਕਤਲ) ਕਰ ਦਿੱਤਾ ਗਿਆ ਸੀ। ਬਾਅਦ ਵਿੱਚ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਛੇ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ।
ਨਿਰਦੇਸ਼ਕ ਹਨੀ ਤ੍ਰੇਹਨ ਦੀ ਇਸ ਫ਼ਿਲਮ ਦਾ ਨਿਰਮਾਣ ਕਈ ਸਾਲ ਪਹਿਲਾਂ ਪੂਰਾ ਹੋ ਗਿਆ ਸੀ ਪਰ ਕੇਂਦਰੀ ਫ਼ਿਲਮ ਪ੍ਰਮਾਣਨ ਬੋਰਡ (CBFC) ਨਾਲ ਲੰਬੇ ਵਿਵਾਦ ਦੇ ਕਾਰਨ ਇਸ ਦੀ ਰਿਲੀਜ਼ ਕਰੀਬ ਚਾਰ ਸਾਲ ਤੱਕ ਅਟਕੀ ਰਹੀ। ਸ਼ੁਰੂਆਤ ਵਿੱਚ ਫ਼ਿਲਮ ਦਾ ਨਾਂ ‘ਪੰਜਾਬ 95’ ਰੱਖਿਆ ਗਿਆ ਸੀ, ਜਿਸ ਨੂੰ ਬਾਅਦ ਵਿੱਚ ਬਦਲ ਕੇ ‘ਸਤਲੁਜ’ ਕਰ ਦਿੱਤਾ ਗਿਆ।

ਜ਼ੀ-5 ਤੋਂ ਹਟਾਈ ਗਈ ਮੂਵੀ

ਹਾਲ ਹੀ ਵਿੱਚ ਇਹ ਫ਼ਿਲਮ ਜ਼ੀ5 ‘ਤੇ ਰਿਲੀਜ਼ ਹੋਈ ਸੀ ਪਰ ਦੋ ਦਿਨਾਂ ਬਾਅਦ ਹੀ ਇਸ ਨੂੰ ਭਾਰਤ ਵਿੱਚ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ। ਇਸ ਤੋਂ ਬਾਅਦ ਫ਼ਿਲਮ ਨੂੰ ਲੈ ਕੇ ਬਹਿਸ ਤੇਜ਼ ਹੋ ਗਈ। ਸਿੱਖ ਜਥੇਬੰਦੀਆਂ, ਮਨੁੱਖੀ ਅਧਿਕਾਰ ਕਾਰਕੁਨਾਂ, ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਫ਼ਿਲਮ ਜਗਤ ਨਾਲ ਜੁੜੇ ਲੋਕਾਂ ਨੇ ਇਸ ਫੈਸਲੇ ‘ਤੇ ਸਵਾਲ ਚੁੱਕੇ ਹਨ। ਪੰਜਾਬ ਭਾਜਪਾ ਦੇ ਮੰਗ ਪੱਤਰ ਤੋਂ ਬਾਅਦ ਕੇਂਦਰ ਸਰਕਾਰ ਨੇ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਜਦੋਂ ਕਿ ਸੂਚਨਾ ਤਕਨਾਲੋਜੀ (IT) ਨਿਯਮਾਂ ਤਹਿਤ ਵੀ ਪੂਰੇ ਮਾਮਲੇ ਦੀ ਸਮੀਖਿਆ ਕੀਤੀ ਜਾ ਰਹੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_imgspot_imgspot_imgspot_img

Most Popular

Recent Comments