Thursday, September 24, 2026
spot_img
HomeLatest News ਜੱਗੂ ਭਗਵਾਨਪੁਰੀਆ ਦਾ ਮੁੱਖਧਾਰਾ ਵਿੱਚ ਵਾਪਸੀ ਦਾ ਫ਼ੈਸਲਾ ਇੱਕ ਸਕਾਰਾਤਮਕ ਕਦਮ: ਪ੍ਰੋ....

 ਜੱਗੂ ਭਗਵਾਨਪੁਰੀਆ ਦਾ ਮੁੱਖਧਾਰਾ ਵਿੱਚ ਵਾਪਸੀ ਦਾ ਫ਼ੈਸਲਾ ਇੱਕ ਸਕਾਰਾਤਮਕ ਕਦਮ: ਪ੍ਰੋ. ਸਰਚਾਂਦ ਸਿੰਘ ਖਿਆਲਾ।

ਸਿਮਰਨਜੀਤ ਸਿੰਘ ਮਾਨ ਭੜਕਾਊ ਅਤੇ ਬੇਬੁਨਿਆਦ ਬਿਆਨਬਾਜ਼ੀ ਤੋਂ ਗੁਰੇਜ਼ ਕਰਨ

ਅਪਰਾਧ ਛੱਡ ਕੇ ਮੁੱਖਧਾਰਾ ਵਿੱਚ ਆਉਣ ਵਾਲਿਆਂ ਨੂੰ ਮੌਕਾ, ਪਰ ਕਾਨੂੰਨ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ —
ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲਣਾ ਅਤੇ ਕਾਨੂੰਨ ਦਾ ਰਾਜ ਕਾਇਮ ਰਹਿਣਾ ਸਭ ਤੋਂ ਪਹਿਲੀ ਤਰਜੀਹ ਹੈ।
ਅੰਮ੍ਰਿਤਸਰ, 19 ਜੁਲਾਈ: ਪੰਜਾਬ ਭਾਜਪਾ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਜੇਕਰ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਸੱਚੇ ਮਨੋਂ ਅਪਰਾਧ ਦੀ ਦੁਨੀਆ ਨੂੰ ਸਦਾ ਲਈ ਤਿਆਗ ਕੇ ਕਾਨੂੰਨ ਦੀ ਪਾਲਣਾ ਕਰਦਿਆਂ ਮੁੱਖਧਾਰਾ ਵਿੱਚ ਵਾਪਸੀ ਦਾ ਫ਼ੈਸਲਾ ਕੀਤਾ ਹੈ ਤਾਂ ਇਹ ਇੱਕ ਸਕਾਰਾਤਮਕ ਕਦਮ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰਵਾਦ, ਨਸ਼ਾ ਤਸਕਰੀ, ਫਿਰੌਤੀ ਅਤੇ ਸੰਗਠਿਤ ਅਪਰਾਧ ਨਾਲ ਜੁੜੇ ਹੋਰ ਲੋਕਾਂ ਨੂੰ ਵੀ ਇਸ ਤੋਂ ਪ੍ਰੇਰਣਾ ਲੈਂਦਿਆਂ ਹਿੰਸਾ ਦਾ ਰਾਹ ਛੱਡ ਕੇ ਕਾਨੂੰਨ ਅਤੇ ਸਮਾਜ ਦੀ ਮੁੱਖਧਾਰਾ ਵਿੱਚ ਵਾਪਸ ਆਉਣਾ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਜੱਗੂ ਭਗਵਾਨਪੁਰੀਆ ਦਾ ਇਹ ਐਲਾਨ ਸਿਰਫ਼ ਸੋਸ਼ਲ ਮੀਡੀਆ ਤੱਕ ਸੀਮਿਤ ਨਾ ਰਹਿ ਕੇ ਅਮਲ ਵਿੱਚ ਵੀ ਸਾਬਤ ਹੁੰਦਾ ਹੈ ਅਤੇ ਉਹ ਹਮੇਸ਼ਾ ਲਈ ਹਿੰਸਾ, ਅਪਰਾਧ ਅਤੇ ਗੈਂਗਸਟਰਵਾਦ ਦਾ ਰਾਹ ਤਿਆਗ ਦਿੰਦਾ ਹੈ, ਤਾਂ ਇਹ ਪੰਜਾਬ ਵਿੱਚ ਅਪਰਾਧ ਦੇ ਖ਼ਾਤਮੇ ਵੱਲ ਇੱਕ ਸਕਾਰਾਤਮਕ ਸੰਦੇਸ਼ ਹੋਵੇਗਾ। ਇਸ ਨਾਲ ਹੋਰ ਭਟਕੇ ਹੋਏ ਨੌਜਵਾਨਾਂ ਅਤੇ ਅਪਰਾਧੀਆਂ ਨੂੰ ਵੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੀ ਪ੍ਰੇਰਣਾ ਮਿਲ ਸਕਦੀ ਹੈ।
ਪ੍ਰੋ. ਖਿਆਲਾ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਅਪਰਾਧੀ ਲਈ ਸੁਧਾਰ ਦਾ ਰਾਹ ਖੁੱਲ੍ਹਾ ਹੋ ਸਕਦਾ ਹੈ, ਪਰ ਕਾਨੂੰਨ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ। ਜੋ ਵੀ ਵਿਅਕਤੀ ਅਪਰਾਧ ਛੱਡਣਾ ਚਾਹੁੰਦਾ ਹੈ, ਉਸ ਨੂੰ ਆਪਣੇ ਕੀਤੇ ਅਪਰਾਧਾਂ ਦੀ ਜ਼ਿੰਮੇਵਾਰੀ ਸਵੀਕਾਰ ਕਰਦਿਆਂ ਅਦਾਲਤਾਂ ਅੱਗੇ ਪੇਸ਼ ਹੋਣਾ ਚਾਹੀਦਾ ਹੈ ਅਤੇ ਕਾਨੂੰਨ ਅਨੁਸਾਰ ਮਿਲਣ ਵਾਲੀ ਸਜ਼ਾ ਇਮਾਨਦਾਰੀ ਨਾਲ ਭੁਗਤਣੀ ਚਾਹੀਦੀ ਹੈ। ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲਣਾ ਅਤੇ ਕਾਨੂੰਨ ਦਾ ਰਾਜ ਕਾਇਮ ਰਹਿਣਾ ਸਭ ਤੋਂ ਪਹਿਲੀ ਤਰਜੀਹ ਹੈ।
ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਗੈਂਗਸਟਰਾਂ ਦੀ ਝੂਠੀ ਸ਼ੁਹਰਤ, ਸੋਸ਼ਲ ਮੀਡੀਆ ‘ਤੇ ਅਪਰਾਧ ਦੇ ਮਹਿਮਾ-ਮੰਡਨ ਅਤੇ ਹਿੰਸਕ ਜੀਵਨ ਸ਼ੈਲੀ ਤੋਂ ਪ੍ਰਭਾਵਿਤ ਨਾ ਹੋਣ। ਅਪਰਾਧ ਦਾ ਰਾਹ ਕਦੇ ਵੀ ਸਫ਼ਲਤਾ ਦਾ ਰਾਹ ਨਹੀਂ ਹੁੰਦਾ; ਇਸ ਦਾ ਅੰਤ ਜੇਲ੍ਹ, ਮੌਤ, ਪਰਿਵਾਰਾਂ ਦੀ ਤਬਾਹੀ ਅਤੇ ਸਮਾਜ ਵਿੱਚ ਡਰ ਦੇ ਮਾਹੌਲ ਨਾਲ ਹੁੰਦਾ ਹੈ। ਸਿੱਖਿਆ, ਹੁਨਰ, ਮਿਹਨਤ, ਇਮਾਨਦਾਰ ਰੋਜ਼ਗਾਰ ਅਤੇ ਸਮਾਜ ਸੇਵਾ ਹੀ ਨੌਜਵਾਨਾਂ ਨੂੰ ਸਨਮਾਨ ਅਤੇ ਸਫ਼ਲਤਾ ਦਿਵਾ ਸਕਦੇ ਹਨ।
ਪ੍ਰੋ. ਖਿਆਲਾ ਨੇ ਕਿਹਾ ਕਿ ਸਿਰਫ਼ ਸਖ਼ਤ ਸਜ਼ਾਵਾਂ ਨਾਲ ਹੀ ਅਪਰਾਧ ਖ਼ਤਮ ਨਹੀਂ ਹੁੰਦਾ, ਸਗੋਂ ਪ੍ਰਭਾਵਸ਼ਾਲੀ ਪੁਲਿਸ ਪ੍ਰਣਾਲੀ, ਤੇਜ਼ ਨਿਆਂ ਪ੍ਰਣਾਲੀ, ਸਮਾਜਿਕ ਜਾਗਰੂਕਤਾ, ਪਰਿਵਾਰਕ ਸੰਸਕਾਰ, ਨੌਜਵਾਨਾਂ ਲਈ ਰੋਜ਼ਗਾਰ ਅਤੇ ਪੁਨਰਵਾਸ ਦੀ ਨੀਤੀ ਵੀ ਉਤਨੀ ਹੀ ਜ਼ਰੂਰੀ ਹੈ। ਜੋ ਲੋਕ ਸਜ਼ਾ ਭੁਗਤ ਕੇ ਸੁਧਾਰ ਦੇ ਰਾਹ ‘ਤੇ ਚੱਲਣਾ ਚਾਹੁੰਦੇ ਹਨ, ਉਨ੍ਹਾਂ ਨੂੰ ਮੁੜ ਸਮਾਜ ਵਿੱਚ ਸਨਮਾਨ ਨਾਲ ਜੀਵਨ ਬਿਤਾਉਣ ਦੇ ਮੌਕੇ ਮਿਲਣੇ ਚਾਹੀਦੇ ਹਨ, ਤਾਂ ਜੋ ਉਹ ਦੁਬਾਰਾ ਅਪਰਾਧ ਵੱਲ ਨਾ ਮੁੜਨ।
ਪ੍ਰੋ. ਖਿਆਲਾ ਨੇ ਕਿਹਾ ਕਿ ਸਰਕਾਰ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਗੈਂਗਸਟਰਵਾਦ, ਨਸ਼ਾ ਤਸਕਰੀ, ਫਿਰੌਤੀ, ਹਥਿਆਰਾਂ ਦੀ ਤਸਕਰੀ ਅਤੇ ਸੰਗਠਿਤ ਅਪਰਾਧ ਵਿਰੁੱਧ ਬਿਨਾਂ ਕਿਸੇ ਭੇਦਭਾਵ ਦੇ ਸਖ਼ਤ ਕਾਰਵਾਈ ਜਾਰੀ ਰੱਖਣੀ ਚਾਹੀਦੀ ਹੈ। ਇਸ ਦੇ ਨਾਲ ਹੀ ਜੇਲ੍ਹਾਂ ਵਿੱਚ ਸੁਧਾਰ, ਮਨੋਵਿਗਿਆਨਕ ਸਲਾਹ, ਹੁਨਰ ਵਿਕਾਸ ਅਤੇ ਪੁਨਰਵਾਸ ਪ੍ਰੋਗਰਾਮਾਂ ਨੂੰ ਵੀ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਪੰਜਾਬ ਨੂੰ ਅਪਰਾਧ-ਮੁਕਤ, ਸੁਰੱਖਿਅਤ, ਅਮਨਪਸੰਦ ਅਤੇ ਵਿਕਾਸਸ਼ੀਲ ਰਾਜ ਬਣਾਇਆ ਜਾ ਸਕੇ।

(Pbi- 2)

 ਸਿਮਰਨਜੀਤ ਸਿੰਘ ਮਾਨ ਭੜਕਾਊ ਅਤੇ ਬੇਬੁਨਿਆਦ ਬਿਆਨਬਾਜ਼ੀ ਤੋਂ ਗੁਰੇਜ਼ ਕਰਨ — ਪ੍ਰੋ. ਸਰਚਾਂਦ ਸਿੰਘ ਖਿਆਲਾ।
ਮਾਨ ਦਾ ਬਿਆਨ ਸਿੱਖ ਪਰੰਪਰਾ, ਗੁਰਮਤਿ, ਭਾਰਤ ਦੀ ਪ੍ਰਭੂਸੱਤਾ ਅਤੇ ਲੋਕਤੰਤਰੀ ਮਰਿਆਦਾਵਾਂ ਵਿਰੁੱਧ ਹੈ
ਅੰਮ੍ਰਿਤਸਰ, 19 ਜੁਲਾਈ: ਪੰਜਾਬ ਭਾਜਪਾ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਯੂਕੇ ਦੌਰੇ ਤੋਂ ਬਾਅਦ ਦਿੱਤਾ ਗਿਆ ਬਿਆਨ ਨਾ ਸਿਰਫ਼ ਬੇਹੱਦ ਗੈਰ-ਜ਼ਿੰਮੇਵਾਰਾਨਾ ਹੈ,  ਲੋਕਤੰਤਰੀ ਮਰਿਆਦਾਵਾਂ, ਦੇਸ਼ ਦੇ ਸੰਵਿਧਾਨਕ ਅਦਾਰਿਆਂ ਦੀ ਸਾਖ ਅਤੇ ਭਾਰਤ ਦੀ ਪ੍ਰਭੂਸੱਤਾ ਨੂੰ ਠੇਸ ਪਹੁੰਚਾਉਣ ਵਾਲਾ ਹੈ ਸਗੋਂ ਇਹ ਸਿੱਖ ਪਰੰਪਰਾ ਅਤੇ ਗੁਰਮਤਿ ਦੀ ਭਾਵਨਾ ਦੇ ਉਲਟ ਵੀ ਹੈ। ਕਿਸੇ ਅਦਾਲਤੀ ਫ਼ੈਸਲੇ ਜਾਂ ਪ੍ਰਮਾਣਿਤ ਸਬੂਤ ਤੋਂ ਬਿਨਾਂ ਦੇਸ਼ ਦੇ ਪ੍ਰਧਾਨ ਮੰਤਰੀ, ਕੇਂਦਰੀ ਮੰਤਰੀਆਂ ਅਤੇ ਸੁਰੱਖਿਆ ਏਜੰਸੀਆਂ ਦੇ ਸੀਨੀਅਰ ਅਧਿਕਾਰੀਆਂ ‘ਤੇ ਕਤਲ ਵਰਗੇ ਸੰਗੀਨ ਦੋਸ਼ ਲਗਾਉਣਾ ਸਿਰਫ਼ ਰਾਜਨੀਤਿਕ ਗਿਰਾਵਟ ਹੀ ਨਹੀਂ, ਸਗੋਂ ਵਿਦੇਸ਼ੀ ਤਾਕਤਾਂ ਦੀ ਸ਼ਹਿ ’ਤੇ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਦੀ ਭਰੋਸੇਯੋਗਤਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਵੀ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਦੀ ਰਾਜਨੀਤੀ ਲੰਬੇ ਸਮੇਂ ਤੋਂ ਅਜਿਹੇ ਬਿਆਨਾਂ ‘ਤੇ ਆਧਾਰਿਤ ਰਹੀ ਹੈ ਜੋ ਪੰਜਾਬ ਦੇ ਅਸਲ ਮੁੱਦਿਆਂ ਦਾ ਹੱਲ ਲੱਭਣ ਦੀ ਬਜਾਏ ਵਿਵਾਦ, ਭਰਮ ਅਤੇ ਵੰਡ ਦੀ ਰਾਜਨੀਤੀ ਨੂੰ ਹਵਾ ਦਿੰਦੇ ਹਨ। ਪੰਜਾਬ ਦੇ ਨੌਜਵਾਨ ਰੋਜ਼ਗਾਰ, ਨਸ਼ਿਆਂ, ਸਿੱਖਿਆ, ਉਦਯੋਗ ਅਤੇ ਕਿਸਾਨੀ ਵਰਗੀਆਂ ਚੁਣੌਤੀਆਂ ਨਾਲ ਜੂਝ ਰਹੇ ਹਨ, ਪਰ ਮਾਨ ਲੋਕਾਂ ਦਾ ਧਿਆਨ ਇਨ੍ਹਾਂ ਗੰਭੀਰ ਮੁੱਦਿਆਂ ਤੋਂ ਹਟਾ ਕੇ ਭੜਕਾਊ ਬਿਆਨਬਾਜ਼ੀ ਰਾਹੀਂ ਸੁਰਖੀਆਂ ਬਟੋਰਣ ਵਿੱਚ ਰੁੱਝੇ ਹੋਏ ਹਨ।
ਉਨ੍ਹਾਂ ਕਿਹਾ ਕਿ ਵਿਦੇਸ਼ੀ ਧਰਤੀ ‘ਤੇ ਖੜ੍ਹ ਕੇ ਭਾਰਤ ਦੀਆਂ ਸੰਸਥਾਵਾਂ ਅਤੇ ਸੁਰੱਖਿਆ ਏਜੰਸੀਆਂ ਵਿਰੁੱਧ ਬੇਬੁਨਿਆਦ ਦੋਸ਼ ਲਗਾਉਣਾ ਬਹੁਤ ਹੀ ਮੰਦਭਾਗਾ ਹੈ। ਜੇਕਰ ਉਨ੍ਹਾਂ ਕੋਲ ਕੋਈ ਭਰੋਸੇਯੋਗ ਸਬੂਤ ਹਨ ਤਾਂ ਉਹ ਸੰਵਿਧਾਨਕ ਅਤੇ ਕਾਨੂੰਨੀ ਮੰਚਾਂ ‘ਤੇ ਪੇਸ਼ ਕਰਨ। ਵਿਦੇਸ਼ੀ ਮੰਚਾਂ ਤੋਂ ਭਾਰਤ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਦੀ ਕੋਸ਼ਿਸ਼ ਨਾਲ ਦੇਸ਼ ਦਾ ਅਕਸ ਖ਼ਰਾਬ ਹੁੰਦਾ ਹੈ ਅਤੇ ਭਾਰਤ ਵਿਰੋਧੀ ਤੱਤਾਂ ਨੂੰ ਪ੍ਰਚਾਰ ਦਾ ਮੌਕਾ ਮਿਲਦਾ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ ਸਿੱਖੀ ਦਾ ਮੂਲ ਸਿਧਾਂਤ ਸੱਚ, ਨਿਆਂ, ਨਿਮਰਤਾ, ਸੰਯਮ ਅਤੇ ‘ਸਰਬੱਤ ਦੇ ਭਲੇ’ ਦਾ ਹੈ। ਗੁਰੂ ਸਾਹਿਬਾਨ ਨੇ ਕਦੇ ਵੀ ਨਫ਼ਰਤ, ਵੱਖਵਾਦ ਜਾਂ ਬੇਬੁਨਿਆਦ ਇਲਜ਼ਾਮਾਂ ਦੀ ਸਿੱਖਿਆ ਨਹੀਂ ਦਿੱਤੀ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖ਼ਸ਼ਿਆ ਗਿਆ ਸੰਤ-ਸਿਪਾਹੀ ਦਾ ਆਦਰਸ਼ ਜ਼ੁਲਮ ਦਾ ਟਾਕਰਾ ਕਰਨ ਲਈ ਹੈ, ਨਾ ਕਿ ਸਮਾਜ ਵਿੱਚ ਵੰਡ ਅਤੇ ਟਕਰਾਅ ਪੈਦਾ ਕਰਨ ਲਈ। ਗੁਰੂ ਸਾਹਿਬਾਨ ਦੇ ਉਪਦੇਸ਼ਾਂ ਨੂੰ ਰਾਜਨੀਤਿਕ ਲਾਭ ਲਈ ਤੋੜ-ਮਰੋੜ ਕੇ ਪੇਸ਼ ਕਰਨਾ ਗੁਰਮਤਿ ਦੀ ਭਾਵਨਾ ਦੇ ਉਲਟ ਹੈ।
ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਭਾਰਤ ਦੀ ਏਕਤਾ, ਮਨੁੱਖਤਾ ਦੀ ਰੱਖਿਆ ਅਤੇ ਧਾਰਮਿਕ ਆਜ਼ਾਦੀ ਲਈ ਦਿੱਤੀਆਂ ਅਦੁੱਤੀ ਕੁਰਬਾਨੀਆਂ ਦਾ ਇਤਿਹਾਸ ਹੈ। ਗੁਰੂ ਤੇਗ ਬਹਾਦਰ ਸਾਹਿਬ, ਸਾਹਿਬਜ਼ਾਦਿਆਂ ਅਤੇ ਅਣਗਿਣਤ ਸ਼ਹੀਦਾਂ ਦੀ ਵਿਰਾਸਤ ਨੂੰ ਕਿਸੇ ਵੀ ਤਰ੍ਹਾਂ ਦੇ ਵੰਡਕਾਰੀ ਜਾਂ ਭਾਰਤ ਵਿਰੋਧੀ ਬਿਰਤਾਂਤ ਨਾਲ ਜੋੜਨਾ ਨਾ ਸਿਰਫ਼ ਇਤਿਹਾਸ ਨਾਲ ਬੇਇਨਸਾਫ਼ੀ ਹੈ, ਸਗੋਂ ਸਮੁੱਚੇ ਸਿੱਖ ਪੰਥ ਦਾ ਵੀ ਅਪਮਾਨ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ, ਰਾਸ਼ਟਰੀ ਏਕਤਾ ਅਤੇ ਦੇਸ਼ ਦੀਆਂ ਸੁਰੱਖਿਆ ਸੰਸਥਾਵਾਂ ਸਾਡੇ ਲੋਕਤੰਤਰ ਦੀ ਮਜ਼ਬੂਤ ਨੀਂਹ ਹਨ। ਰਾਜਨੀਤਿਕ ਲਾਭ ਲਈ ਇਨ੍ਹਾਂ ਨੂੰ ਨਿਸ਼ਾਨਾ ਬਣਾਉਣਾ ਕਿਸੇ ਵੀ ਜ਼ਿੰਮੇਵਾਰ ਜਨਤਕ ਆਗੂ ਨੂੰ ਸ਼ੋਭਾ ਨਹੀਂ ਦਿੰਦਾ।
ਉਨ੍ਹਾਂ ਕਿਹਾ ਸਿਮਰਨਜੀਤ ਸਿੰਘ ਮਾਨ ਭੜਕਾਊ ਅਤੇ ਬੇਬੁਨਿਆਦ ਬਿਆਨਬਾਜ਼ੀ ਤੋਂ ਗੁਰੇਜ਼ ਕਰਨ, ਸਿੱਖ ਨੌਜਵਾਨਾਂ ਨੂੰ ਭਟਕਾਉਣ ਦੀ ਬਜਾਏ ਉਨ੍ਹਾਂ ਨੂੰ ਗੁਰਮਤਿ, ਸੰਵਿਧਾਨ, ਲੋਕਤੰਤਰ, ਰਾਸ਼ਟਰ ਨਿਰਮਾਣ ਅਤੇ ਸਮਾਜ ਸੇਵਾ ਦੇ ਰਾਹ ‘ਤੇ ਚੱਲਣ ਲਈ ਪ੍ਰੇਰਿਤ ਕਰਨ। ਪੰਜਾਬ ਨੂੰ ਅੱਜ ਸ਼ਾਂਤੀ, ਨਿਵੇਸ਼, ਵਿਕਾਸ, ਸਦਭਾਵਨਾ ਅਤੇ ਸਥਿਰਤਾ ਦੀ ਲੋੜ ਹੈ, ਨਾ ਕਿ ਅਜਿਹੀ ਰਾਜਨੀਤੀ ਦੀ ਜੋ ਸਮਾਜ ਵਿੱਚ ਅਵਿਸ਼ਵਾਸ, ਵੰਡ ਅਤੇ ਟਕਰਾਅ ਨੂੰ ਵਧਾਵੇ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments