ਜੰਡਿਆਲਾ ਗੁਰੂ (ਵਰਿੰਦਰ ਸਿੰਘ ਮਲਹੋਤਰਾ):-ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੋਂ ਪ੍ਰਭਾਵਿਤ ਹੋਕੇ ਇੱਕ ਨੌਜਵਾਨ ਪਾਣੀਪਤ ਹਰਿਆਣਾ ਦੇ ਪਿੰਡ ਸਮਾਲਖਾ ਤੋਂ ਪੈਦਲ ਯਾਤਰਾ ਕਰ ਰਿਹਾ ਹੈ । ਫ਼ਿਲਮ ਸਤਲੁਜ ਨੂੰ ਦੇਖਕੇ ਸੁਨੀਲ ਰਾਠੌੜ ਦੇ ਮੰਨ ਵਿੱਚ ਜਿਗਿਆਸਾ ਜਾਗੀ ਸੀ । ਸੁਨੀਲ ਰਾਠੌੜ ਇੱਕ ਹਿੰਦੂ ਪਰਿਵਾਰ ਨਾਲ਼ ਸਬੰਧਤ ਨੌਜਵਾਨ ਹੈ|

ਜੰਡਿਆਲਾ ਗੁਰੂ ਪੁੱਜਣ ‘ਤੇ ਗੱਲਬਾਤ ਦੌਰਾਨ ਸੁਨੀਲ ਰਾਠੌੜ ਨੇ ਦੱਸਿਆ ਕਿ ਭਾਈ ਜਸਵੰਤ ਸਿੰਘ ਖਾਲੜਾ, ਜਿਨ੍ਹਾਂ ਨੂੰ ਸੰਨ 1995 ਵਿੱਚ ਤਸ਼ੱਦਦ ਦੇਕੇ ਸ਼ਹੀਦ ਕਰ ਦਿੱਤਾ ਗਿਆ ਸੀ, ਉਹਨਾਂ ਦੀ ਸ਼ਹਾਦਤ ਅਤੇ ਪੰਜਾਬ ਵਿੱਚ 25000 ਬੇਕਸੂਰ ਲੋਕਾਂ ਦੇ ਹੋਏ ਕਤਲੇਆਮ ਨੇ ਉਹਨਾਂ ਦੇ ਅੰਦਰ ਨੂੰ ਝੰਜੋੜਿਆ। ਅੱਜ ਓਹ ਓਹਨਾਂ ਤਮਾਮ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬ ਆਏ ਹਨ। ਉਹਨਾਂ ਦਾ ਮਕਸਦ ਹੈ ਭਾਈ ਜਸਵੰਤ ਸਿੰਘ ਖਾਲੜਾ ਦੀ ਧਰਮਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਜੀ ਦੇ ਸਨਮੁੱਖ ਹੋਕੇ ਆਪਣੀ ਸ਼ਰਧਾ ਭੇਂਟ ਕਰਨੀ ਹੈ।
ਸੁਨੀਲ ਰਾਠੌੜ ਦਾ ਕਹਿਣਾ ਹੈ ਕਿ ਸਤਲੁਜ ਫ਼ਿਲਮ ਦੇਖਣ ਤੋਂ ਬਾਅਦ ਉਹਨਾਂ ਨੇ ਪੀੜ੍ਹਤ ਪਰਿਵਾਰਾਂ ਦੇ ਯੂਟਿਊਬ ਤੇ ਇੰਟਰਵਿਊ ਦੇਖੇ। ਉਹਨਾਂ ਦੇ ਕਹਿਣ ਮੁਤਾਬਿਕ ਫ਼ਿਲਮ ਬਿਲਕੁਲ ਸੱਚ ਤੇ ਅਧਾਰਿਤ ਹੈ ਅਤੇ ਇਸ ਫ਼ਿਲਮ ਵਿੱਚ ਤਾਂ ਸਿਰਫ਼ 10 % ਤੱਕ ਹੀ ਦਿਖਾਇਆ ਹੈ।

ਸੁਨੀਲ ਰਾਠੌੜ ਨੇ ਇਹ ਪੈਦਲ ਯਾਤਰਾ 12 ਜੁਲਾਈ ਤੋਂ ਸ਼ੁਰੂ ਕੀਤੀ ਅਤੇ ਰੋਜ਼ ਓਹ 25 ਤੋਂ 30 ਕਿਲੋਮੀਟਰ ਪੈਦਲ ਯਾਤਰਾ ਕਰਦੇ ਹਨ ਅਤੇ ਓਹਨਾ ਦੀ ਇਹ ਯਾਤਰਾ ਪਿੰਡ ਖਾਲੜਾ ਜਾਕੇ ਸੰਪੰਨ ਹੋਵੇਗੀ। ਪੰਜਾਬ ਦੇ ਲੋਕਾਂ ਵੱਲੋਂ ਉਹਨਾਂ ਨੂੰ ਬਹੁਤ ਪਿਆਰ ਮਿਲ਼ ਰਿਹਾ ਹੈ।
Ott ਤੋਂ ਫ਼ਿਲਮ ਹਟਾਉਣ ‘ਤੇ ਵੀ ਸੁਨੀਲ ਰਾਠੌੜ ਕੇ ਕਿਹਾ ਕਿ ਫਿਲਮ ਵਿੱਚ ਕਿਸੇ ਵੀ ਤਰ੍ਹਾਂ ਦੇ ਨਾਲ਼ ਕਿਸੇ ਧਾਰਮਿਕ ਭਾਵਨਾ ਨੂੰ ਠੇਸ ਪੁਚਾਉਣ ਦਾ ਕੋਈ ਪ੍ਰਾਪੋਗੰਡਾ ਨਹੀਂ ਹੈ। ਜੋ ਵੀ ਉਸ ਵੇਲੇ ਮਾਣਯੋਗ ਅਦਾਲਤ ਨੇ ਹੁਕਮ ਦਿੱਤੇ ਸਨ ਉਹੀ ਕੁਝ ਫ਼ਿਲਮ ਵਿੱਚ ਦਰਸਾਇਆ ਗਿਆ ਹੈ।




