Saturday, August 8, 2026
spot_img
HomeLatest News ਲੁਧਿਆਣਾ 'ਚ ਕਾਂਗਰਸ ਦੇ ਪ੍ਰੋਗਰਾਮ ਦੌਰਾਨ ਹੰਗਾਮਾ, ਰਾਜਾ ਵੜਿੰਗ ਤੇ ਭਾਰਤ ਭੂਸ਼ਣ...

 ਲੁਧਿਆਣਾ ‘ਚ ਕਾਂਗਰਸ ਦੇ ਪ੍ਰੋਗਰਾਮ ਦੌਰਾਨ ਹੰਗਾਮਾ, ਰਾਜਾ ਵੜਿੰਗ ਤੇ ਭਾਰਤ ਭੂਸ਼ਣ ਆਸ਼ੂ ਸਮਰਥਕਾਂ ਵਿਚਾਲੇ ਨਾਅਰੇਬਾਜ਼ੀ

ਲੁਧਿਆਣਾ (ਹਰਪ੍ਰਤੀਕ ਸਿੰਘ ਅਰਨੇਜਾ) ਪੰਜਾਬ ਕਾਂਗਰਸ ਵੱਲੋਂ “ਹਰ ਬੂਥ ਕਾਂਗਰਸ ਮਜ਼ਬੂਤ ਅਭਿਆਨ” ਤਹਿਤ ਗੁਰੂ ਨਾਨਕ ਦੇਵ ਭਵਨ ਵਿੱਚ ਕਰਵਾਏ ਗਏ ਪ੍ਰੋਗਰਾਮ ਦੌਰਾਨ ਉਸ ਵੇਲੇ ਮਾਹੌਲ ਤਣਾਅਪੂਰਨ ਬਣ ਗਿਆ, ਜਦੋਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਸਮਰਥਕ ਆਪਸ ਵਿੱਚ ਭਿੜ ਗਏ। ਦੋਵਾਂ ਧਿਰਾਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ, ਜਿਸ ਕਾਰਨ ਕੁਝ ਸਮੇਂ ਲਈ ਪ੍ਰੋਗਰਾਮ ਵਿੱਚ ਹੰਗਾਮੇ ਵਾਲੀ ਸਥਿਤੀ ਬਣ ਗਈ।

ਪ੍ਰੋਗਰਾਮ ਵਿੱਚ ਅਖਿਲ ਭਾਰਤੀ ਕਾਂਗਰਸ ਕਮੇਟੀ (ਏਆਈਸੀਸੀ) ਦੇ ਪੰਜਾਬ ਇੰਚਾਰਜ ਭੂਪੇਸ਼ ਬਘੇਲ ਦੇ ਪਹੁੰਚਣ ਮੌਕੇ ਕੁਝ ਵਰਕਰ “ਬਘੇਲ ਗੋ ਬੈਕ” ਲਿਖੀਆਂ ਟੀ-ਸ਼ਰਟਾਂ ਪਾ ਕੇ ਪਹੁੰਚੇ। ਇਸ ਦੌਰਾਨ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਸੰਬੋਧਨ ਦੌਰਾਨ ਕੀਤੇ ਇੱਕ ਇਸ਼ਾਰੇ ਤੋਂ ਬਾਅਦ ਆਸ਼ੂ ਸਮਰਥਕ ਨਾਰਾਜ਼ ਹੋ ਗਏ ਅਤੇ ਨਾਅਰੇਬਾਜ਼ੀ ਸ਼ੁਰੂ ਹੋ ਗਈ। ਜਵਾਬ ਵਿੱਚ ਰਾਜਾ ਵੜਿੰਗ ਦੇ ਸਮਰਥਕਾਂ ਨੇ ਵੀ ਨਾਅਰੇ ਲਗਾਏ।

ਆਸ਼ੂ ਸਮਰਥਕਾਂ ਨੇ ਦੋਸ਼ ਲਾਇਆ ਕਿ ਰਾਜਾ ਵੜਿੰਗ ਨੇ ਉਨ੍ਹਾਂ ਨੂੰ ਭੜਕਾਇਆ, ਜਦਕਿ ਰਾਜਾ ਵੜਿੰਗ ਨੇ ਨਾਅਰੇਬਾਜ਼ੀ ਕਰਨ ਵਾਲਿਆਂ ਨੂੰ ਪਾਰਟੀ ਵਿਰੋਧੀ ਤੱਤ ਕਰਾਰ ਦਿੰਦਿਆਂ ਉਨ੍ਹਾਂ ਨੂੰ ਬਾਹਰ ਜਾਣ ਲਈ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਪੂਰੇ ਮਾਮਲੇ ਦੀ ਰਿਪੋਰਟ ਪਾਰਟੀ ਹਾਈਕਮਾਨ ਨੂੰ ਭੇਜੀ ਜਾਵੇਗੀ।

ਜਾਣਕਾਰੀ ਅਨੁਸਾਰ ਵਿਵਾਦ ਦੀ ਸ਼ੁਰੂਆਤ ਦੁਪਹਿਰ ਕਰੀਬ 12 ਵਜੇ ਹੋਈ, ਜਦੋਂ ਭੂਪੇਸ਼ ਬਘੇਲ ਅਤੇ ਰਾਜਾ ਵੜਿੰਗ ਪ੍ਰੋਗਰਾਮ ਸਥਾਨ ‘ਤੇ ਪਹੁੰਚੇ। ਪਹਿਲਾਂ ਰਾਜਾ ਵੜਿੰਗ ਦੇ ਹੱਕ ਵਿੱਚ ਨਾਅਰੇ ਲੱਗੇ, ਜਿਨ੍ਹਾਂ ਨੂੰ ਉਨ੍ਹਾਂ ਨੇ ਰੋਕਦਿਆਂ “ਕਾਂਗਰਸ ਜ਼ਿੰਦਾਬਾਦ” ਦੇ ਨਾਅਰੇ ਲਗਾਉਣ ਦੀ ਅਪੀਲ ਕੀਤੀ। ਹਾਲਾਂਕਿ ਬਾਅਦ ਵਿੱਚ ਸਿਮਰਜੀਤ ਸਿੰਘ ਬੈਂਸ ਦੇ ਸੰਬੋਧਨ ਦੌਰਾਨ ਮਾਹੌਲ ਹੋਰ ਗਰਮਾ ਗਿਆ ਅਤੇ ਆਸ਼ੂ ਸਮਰਥਕ ਪ੍ਰੋਗਰਾਮ ਤੋਂ ਬਾਹਰ ਆ ਕੇ ਰਾਜਾ ਵੜਿੰਗ ਅਤੇ ਭੂਪੇਸ਼ ਬਘੇਲ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗ ਪਏ। ਇਸ ਤੋਂ ਬਾਅਦ ਮੀਟਿੰਗ ਮੁੜ ਸ਼ੁਰੂ ਕਰਵਾਈ ਗਈ।

ਸਿਆਸੀ ਹਲਕਿਆਂ ਵਿੱਚ ਇਸ ਘਟਨਾ ਨੂੰ ਪੰਜਾਬ ਕਾਂਗਰਸ ਅੰਦਰ ਚੱਲ ਰਹੀ ਧੜੇਬੰਦੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਵਿਵਾਦ ਰਾਜਾ ਵੜਿੰਗ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਧੜਿਆਂ ਵਿਚਾਲੇ ਚੱਲ ਰਹੇ ਮਤਭੇਦਾਂ ਦਾ ਨਤੀਜਾ ਹੈ। ਚੰਨੀ ਸਮਰਥਕ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬਾਈ ਲੀਡਰਸ਼ਿਪ ਵਿੱਚ ਬਦਲਾਅ ਦੀ ਮੰਗ ਕਰ ਰਹੇ ਹਨ, ਜਦਕਿ ਪਾਰਟੀ ਹਾਈਕਮਾਨ ਨੇ ਹੁਣ ਤੱਕ ਰਾਜਾ ਵੜਿੰਗ ‘ਤੇ ਆਪਣਾ ਭਰੋਸਾ ਕਾਇਮ ਰੱਖਿਆ ਹੈ।

ਇਸ ਮੌਕੇ ਭੂਪੇਸ਼ ਬਘੇਲ ਨੇ ਵੀ ਪਾਰਟੀ ਅੰਦਰ ਅਨੁਸ਼ਾਸਨਹੀਣਤਾ ‘ਤੇ ਚਿੰਤਾ ਪ੍ਰਗਟ ਕਰਦਿਆਂ ਚੇਤਾਵਨੀ ਦਿੱਤੀ ਕਿ ਸੰਗਠਨ ਦੇ ਅੰਦਰ ਪਾਰਟੀ ਵਿਰੋਧੀ ਗਤੀਵਿਧੀਆਂ ਜਾਂ ਕਥਿਤ “ਸਲੀਪਰ ਸੈੱਲ” ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੇ ਮਾਮਲਿਆਂ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਸਿਆਸੀ ਵਿਸ਼ਲੇਸ਼ਕਾਂ ਅਨੁਸਾਰ ਰਾਜਾ ਵੜਿੰਗ ਅਤੇ ਭਾਰਤ ਭੂਸ਼ਣ ਆਸ਼ੂ ਵਿਚਾਲੇ ਮਤਭੇਦ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਵਧ ਰਹੇ ਹਨ। ਇਨ੍ਹਾਂ ਵਿੱਚ 2024 ਲੋਕ ਸਭਾ ਚੋਣਾਂ ਦੀ ਟਿਕਟ, ਆਸ਼ੂ ਦੀ ਗ੍ਰਿਫ਼ਤਾਰੀ ਦੌਰਾਨ ਮਿਲੇ ਕਥਿਤ ਸਮਰਥਨ ਦੀ ਕਮੀ, ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦਾ ਟਿਕਟ ਵਿਵਾਦ, ਚੋਣ ਪ੍ਰਚਾਰ ਨਾਲ ਜੁੜੇ ਮਸਲੇ ਅਤੇ ਚੰਨੀ ਧੜੇ ਨਾਲ ਆਸ਼ੂ ਦੀ ਨੇੜਤਾ ਵਰਗੇ ਮੁੱਦੇ ਸ਼ਾਮਲ ਹਨ।

ਇਸੇ ਅਭਿਆਨ ਤਹਿਤ ਦੁਪਹਿਰ ਬਾਅਦ ਫਿਰੋਜ਼ਪੁਰ ਰੋਡ ਸਥਿਤ ਕਿੰਗਜ਼ ਵਿਲਾ ਵਿੱਚ ਵੀ ਕਾਂਗਰਸ ਦਾ ਇੱਕ ਹੋਰ ਸੰਗਠਨਾਤਮਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments