ਜੀਂਦ (ਵੀਓਪੀ ਬਿਊਰੋ) ਜੀਂਦ ਵਿੱਚ ਕਿਸਾਨ ਬਚਾਓ ਪਦਯਾਤਰਾ ਨੂੰ ਲੈ ਕੇ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ਮੋਡ ’ਤੇ ਹੈ। ਪੰਜਾਬ-ਹਰਿਆਣਾ ਸਰਹੱਦ ’ਤੇ ਸਥਿਤ ਦਾਤਾਸਿੰਘਵਾਲਾ ਪਿੰਡ ਤੋਂ ਲੈ ਕੇ ਹਰਿਆਣਾ ਵੱਲ ਕਰੀਬ 25 ਕਿਲੋਮੀਟਰ ਤੱਕ ਥਾਂ-ਥਾਂ ’ਤੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।
ਸੈਂਕੜਿਆਂ ਦੀ ਗਿਣਤੀ ਵਿੱਚ ਪੁਲਿਸ ਦੇ ਜਵਾਨਾਂ ਨੂੰ ਚੱਪੇ-ਚੱਪੇ ’ਤੇ ਤਾਇਨਾਤ ਕੀਤਾ ਗਿਆ ਹੈ। ਕਈ ਥਾਵਾਂ ’ਤੇ ਬੈਰੀਕੇਡ ਲਗਾ ਕੇ ਰਸਤੇ ਬੰਦ ਕੀਤੇ ਗਏ ਹਨ। ਜੀੰਦ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਰਾਤ ਨੂੰ ਹੀ ਪੰਜਾਬ-ਹਰਿਆਣਾ ਬਾਰਡਰ ਨੂੰ ਸੀਲ ਕਰ ਦਿੱਤਾ ਸੀ।

ਬਾਰਡਰ ’ਤੇ ਕੰਡਿਆਲੀ ਤਾਰ ਅਤੇ ਪੱਥਰ ਲਗਾ ਕੇ ਸੁਰੱਖਿਆ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ। ਕਿਸਾਨਾਂ ਨੂੰ ਰੋਕਣ ਲਈ ਪੰਜ ਲੇਅਰਾਂ ਵਿੱਚ ਬੈਰੀਕੇਡਿੰਗ ਕੀਤੀ ਗਈ ਹੈ। ਦਾਤਾਸਿੰਘਵਾਲਾ ਤੋਂ ਹਰਿਆਣਾ ਵੱਲ ਕਰੀਬ 25 ਕਿਲੋਮੀਟਰ ਦੇ ਰਸਤੇ ’ਤੇ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ।
ਦਰਅਸਲ, ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ 16 ਅਗਸਤ ਤੋਂ ਦਾਤਾਸਿੰਘਵਾਲਾ ਪਿੰਡ ਤੋਂ ਦਿੱਲੀ ਦੇ ਜੰਤਰ-ਮੰਤਰ ਤੱਕ 228 ਕਿਲੋਮੀਟਰ ਲੰਬੀ ‘ਕਿਸਾਨ ਬਚਾਓ ਪਦਯਾਤਰਾ’ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ।

ਇਸ ਪਦਯਾਤਰਾ ਵਿੱਚ 51 ਕਿਸਾਨ ਆਗੂ ਪੈਦਲ ਚੱਲਣਗੇ, ਜਦਕਿ 200 ਤੋਂ ਵੱਧ ਕਿਸਾਨ ਵਲੰਟੀਅਰ ਵਜੋਂ ਸਹਿਯੋਗ ਕਰਨਗੇ।
ਪਦਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਦਾਤਾਸਿੰਘਵਾਲਾ ਪਿੰਡ ਵਿੱਚ ਅਰਦਾਸ-ਪ੍ਰਾਰਥਨਾ ਅਤੇ ਸਭਾ ਦਾ ਆਯੋਜਨ ਕੀਤਾ ਜਾਵੇਗਾ। ਇਸ ਤੋਂ ਬਾਅਦ ਦੁਪਹਿਰ 3 ਵਜੇ ਪਦਯਾਤਰਾ ਸ਼ੁਰੂ ਹੋਵੇਗੀ।
ਪਦਯਾਤਰਾ ਦਾ ਅਗਲਾ ਪੜਾਅ ਸ਼ਾਮ ਨੂੰ ਉਝਾਨਾ ਪਿੰਡ ਦੇ ਮੁੱਖ ਅੱਡੇ ’ਤੇ ਹੋਵੇਗਾ, ਜਿੱਥੇ ਪਦਯਾਤਰੀਆਂ ਦਾ ਸਵਾਗਤ ਕੀਤਾ ਜਾਵੇਗਾ। ਇਸ ਤੋਂ ਬਾਅਦ ਬੇਲਰਖਾ ਪਿੰਡ ਵਿੱਚ ਰਾਤ ਦਾ ਵਿਸ਼ਰਾਮ ਕੀਤਾ ਜਾਵੇਗਾ।






