ਜੰਡਿਆਲਾ ਗੁਰੂ (ਵਰਿੰਦਰ ਸਿੰਘ ਮਲਹੋਤਰਾ):ਸਪਰਿੰਗ ਡੇਲ ਸੀਨੀਅਰ ਸਕੂੂਲ ਦੇ ਪੰਜਵੀਂ ਜਮਾਤ ਦੇ ਵਿਦਿਆਰਥੀ ਨਿਤਯਮ ਅਰੋੜਾ ਨੂੰ ਜਿਲ੍ਹਾ ਪ੍ਰਸ਼ਾਸਨ ਵਲੋਂ ਆਜ਼ਾਦੀ ਦਿਹਾੜੇ ਮੌਕੇ ਕਰਵਾਏ ਰਾਜ ਪੱਧਰੀ ਸਮਾਗਮ ਦੌਰਾਨ ਜਿਲ੍ਹਾ ਪੱਧਰੀ ਐਵਾਰਡ (ਡਿਸਟ੍ਰਿਕ ਐਵਾਰਡ) ਨਾਲ ਸਨਮਾਨਿਤ ਕੀਤਾ ਗਿਆ ਹੈ।
ਇਹ ਸਨਮਾਨ ਨਿਤਯਮ ਅਰੋੜਾ ਨੂੰ ਸਮਾਰੋਹ ਦੇ ਮੁੱਖ ਮਹਿਮਾਨ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ, ਛਪਾਈ ਤੇ ਲਿਖਣ ਸਮੱਗਰੀ, ਸੁਚੱਜਾ ਪ੍ਰਸ਼ਾਸਨ ਅਤੇ ਸੂਚਨਾ ਤਕਨੀਕ, ਰੁਜ਼ਗਾਰ ਉਤਪਤੀ ਤੇ ਸਿਖਲਾਈ, ਉਦਯੋਗ ਤੇ ਵਣਜ ਅਤੇ ਨਿਵੇਸ਼ ਪ੍ਰੋਤਸ਼ਾਹਨ ਮੰਤਰੀ ਪੰਜਾਬ ਅਮਨ ਅਰੋੜਾ ਵੱਲੋਂ ਦਿੱਤਾ ਗਿਆ।

ਖਾਸ ਗੱਲ ਹੈ ਕਿ ਜਿਲ੍ਹੇ ਦੇ ਸਨਮਾਨਿਤ ਹੋਣ ਵਾਲੀਆਂ ਸਮੂਹ ਸ਼ਖਸੀਅਤਾਂ ਵਿਚ ਨਿਤਯਮ ਸਭ ਤੋਂ ਛੋਟੀ ਉਮਰ (10) ਦਾ ਹੈ। ਨਿਤਯਮ ਨੂੰ ਜਿਲ੍ਹਾ ਪ੍ਰਸ਼ਾਸਨ ਵਲੋਂ ਇਹ ਵਿਸ਼ੇਸ਼ ਸਨਮਾਨ ਛੋਟੀ ਉਮਰ ਤੋਂ ਹੀ ਵਾਤਾਵਰਨ ਪ੍ਰਤੀ ਵਿਸ਼ੇਸ਼ ਲਗਾਵ ਅਤੇ ਅਣਗਿਣਤ ਬੂਟੇ ਲਗਾਉਣ ਸਦਕਾ ਅਤੇ ਇਸੇ ਪੜਾਅ ਵਿਚ ਆਪਣੀ ਪਲੇਠੀ ਪੁਸਤਕ ‘ਦਾ ਜਰਨੀ ਆਫ ਕਿਊਰੀਅਸ ਸਟਾਰ’ ਲਿਖ ਕੇ ਲੇਖਕ ਬਣਨ ਦਾ ਮਾਣ ਹਾਸਲ ਕਰਨ ਸਦਕਾ ਪ੍ਰਾਪਤ ਹੋਇਆ ਹੈ।
ਉਹ ਆਪਣੇ ਜਨਮ ਦਿਨ ਮੌਕੇ ਵੀ ਬੂਟੇ ਲਗਾਉਂਦਾ ਹੈ ਅਤੇ ਆਪਣੇ ਦੋਸਤਾਂ ਸਮੇਤ ਲੋਕਾਂ ਨੂੰ ਵੀ ਬੂਟੇ ਵੰਡਦਾ ਹੈ। ਇਸ ਮੌਕੇ ਜਿਲ੍ਹਾ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ, ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਪੱਲਵੀ ਮਿਸ਼ਰਾ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਰੁਪਿੰਦਰਪਾਲ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੁਰਿੰਦਰ ਸਿੰਘ, ਐੱਸਡੀਐੱਮ ਅੰਮ੍ਰਿਤਸਰ-1 ਅਲਕਾ ਕਾਲੀਆ, ਐੱਸਡੀਐੱਮ ਅੰਮ੍ਰਿਤਸਰ-2 ਗੁਰਮੰਦਰ ਸਿੰਘ, ਸਹਾਇਕ ਕਮਿਸ਼ਨਰ (ਜਨਰਲ) ਪ੍ਰਗਤੀ ਸੇਠੀ, ਏਡੀਸੀਪੀ ਵਿਸ਼ਾਲਜੀਤ ਸਿੰਘ, ਏਸੀਪੀ ਗੁਰਪ੍ਰਤਾਪ ਸਿੰਘ ਸਹੋਤਾ, ਏਸੀਪੀ ਸਾਊਥ ਪ੍ਰੀਤਇੰਦਰ ਸਿੰਘ ਆਦਿ ਕਈ ਸ਼ਖਸੀਅਤਾਂ ਨੇ ਨਿਤਯਮ ਦੀ ਇਸ ਉਪਲਬਧੀ ’ਤੇ ਸ਼ੁਭਕਾਮਨਾਵਾਂ ਤੇ ਅਸ਼ੀਰਵਾਦ ਦਿੱਤਾ।

ਇਸ ਮੌਕੇ ਨਿਤਯਮ ਨੇ ਡੀਸੀ ਦਲਵਿੰਦਰਜੀਤ ਸਿੰਘ ਨੂੰ ਆਪਣੀ ਲਿਖੀ ਪੁਸਤਕ ਵੀ ਭੇਂਟ ਕੀਤੀ। ਇਸ ਮੌਕੇ ਨਿਤਯਮ ਅਰੋੜਾ ਦੇ ਪਿਤਾ ਕਰਨ ਅਰੋੜਾ, ਮਾਂ ਦਿਿਵਆ ਅਰੋੜਾ, ਦਾਦੀ ਰਮਾ ਅਰੋੜਾ ਤੇ ਦਾਦਾ ਮੋਹਨ ਲਾਲ ਅਰੋੜਾ ਵੀ ਮੌਜੂਦ ਸਨ। ਉਧਰ ਸਕੂਲ ਦੇ ਪ੍ਰਿੰਸੀਪਲ ਰਾਜੀਵ ਕੁਮਾਰ ਸ਼ਰਮਾ ਨੂੰ ਨਿਤਯਮ ਦੀ ਇਸ ਪ੍ਰਾਪਤੀ ’ਤੇ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਛੋਟੀ ਉਮਰੇ ਵੱਡੀ ਪੁਲਾਂਘ ਪੁੱਟਦਿਆਂ ਆਪਣੇ ਮਾਤਾ-ਪਿਤਾ ਤੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ। ਉਸ ਵਲੋਂ ਲਿਖੀ ਗਈ ਪੁਸਤਕ ‘ਦਾ ਜਰਨੀ ਆਫ ਕਿਊਰੀਅਸ ਸਟਾਰ’ ਯੂਨੀਵਰਸ ਆਫ ਪਲਾਂਨੇਟ ਬਾਰੇ ਬੇਹੱਦ ਜਾਣਕਾਰੀ ਭਰਪੂਰ ਹੈ।
ਇਹ ਕਿਤਾਬ ‘ਦਾ ਜਰਨੀ ਆਫ ਕਿਊਰੀਅਸ ਸਟਾਰ’ ਬੱਚਿਆਂ ਨੂੰ ਯੂਨੀਵਰਸ ਅਤੇ ਪਲਾਂਨੇਟ, ਪਲਾਂਨੇਟ ਦਾ ਤਾਪਮਾਨ, ਪਲਾਂਨੇਟ ’ਤੇ ਮਨੱੁਖੀ ਜੀਵਨ ਸਬੰਧੀ, ਪਲਾਂਨੇਟ ਰਿੰਗ ਆਦਿ ਭਰਪੂਰ ਜਾਣਕਾਰੀ ਦਿੰਦੀ ਹੈ। ਨਿਤਯਮ ਦੇ ਮਾਪਿਆਂ ਨੇ ਸਕੂਲ ਪ੍ਰਸ਼ਾਸਨ ਤੇ ਜਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ।






