ਵਾਰਡ ਨੰਬਰ 9 ਵਿੱਚ 38.95 ਲੱਖ ਦੀ ਲਾਗਤ ਨਾਲ ਸੜਕਾਂ ਅਤੇ ਵਾਰਡ ਨੰਬਰ 21 ਵਿੱਚ 22 ਲੱਖ ਰੁਪਏ ਨਾਲ ਸੀਵਰੇਜ ਦੇ ਕੰਮ ਦੀ ਸ਼ੁਰੂਆਤ
ਜਲੰਧਰ (ਵੀਓਪੀ ਬਿਊਰੋ) : ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਵੱਲੋਂ ਹਲਕੇ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਇਲਾਕਾ ਨਿਵਾਸੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ। ਇਸੇ ਕੜੀ ਤਹਿਤ ਨਿਤਿਨ ਕੋਹਲੀ ਨੇ ਵਾਰਡ ਨੰਬਰ 9 ਅਤੇ ਵਾਰਡ ਨੰਬਰ 21 ਵਿੱਚ ਕੁੱਲ ਲਗਭਗ 60.95 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ।

ਇਸ ਮੌਕੇ ਵਾਰਡ ਨੰਬਰ 9 ਵਿੱਚ ਲਗਭਗ 38.95 ਲੱਖ ਰੁਪਏ ਦੀ ਲਾਗਤ ਨਾਲ ਸੜਕਾਂ ਦੇ ਨਿਰਮਾਣ ਅਤੇ ਸੁਧਾਰ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ। ਇਨ੍ਹਾਂ ਕੰਮਾਂ ਨਾਲ ਇਲਾਕੇ ਵਿੱਚ ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਸਥਾਨਕ ਵਸਨੀਕਾਂ ਨੂੰ ਰੋਜ਼ਾਨਾ ਆਉਣ-ਜਾਣ ਦੌਰਾਨ ਦਰਪੇਸ਼ ਸਮੱਸਿਆਵਾਂ ਨੂੰ ਘਟਾਉਣ ਵਿੱਚ ਮਦਦ ਮਿਲਣ ਦੀ ਉਮੀਦ ਹੈ।
ਇਸ ਤੋਂ ਇਲਾਵਾ ਵਾਰਡ ਨੰਬਰ 21 ਦੇ ਚੋਗਿਟੀ ਇਲਾਕੇ ਵਿੱਚ ਲਗਭਗ 22 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਦੇ ਕੰਮ ਦਾ ਵੀ ਉਦਘਾਟਨ ਕੀਤਾ ਗਿਆ। ਸੀਵਰੇਜ ਨਾਲ ਸਬੰਧਤ ਇਹ ਵਿਕਾਸ ਕਾਰਜ ਇਲਾਕਾ ਨਿਵਾਸੀਆਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਸ਼ੁਰੂ ਕੀਤਾ ਗਿਆ ਹੈ। ਇਸ ਕੰਮ ਦੇ ਮੁਕੰਮਲ ਹੋਣ ਨਾਲ ਇਲਾਕੇ ਵਿੱਚ ਸਫਾਈ ਅਤੇ ਨਿਕਾਸੀ ਪ੍ਰਬੰਧ ਨੂੰ ਹੋਰ ਬਿਹਤਰ ਬਣਾਉਣ ਵਿੱਚ ਮਦਦ ਮਿਲਣ ਦੀ ਉਮੀਦ ਹੈ।
ਇਸ ਮੌਕੇ ਨਿਤਿਨ ਕੋਹਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਦੀਆਂ ਬੁਨਿਆਦੀ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਣ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸੜਕਾਂ, ਸੀਵਰੇਜ, ਸਫਾਈ, ਪੀਣ ਵਾਲੇ ਪਾਣੀ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਸਬੰਧਤ ਲੋਕਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਸਬੰਧਤ ਵਿਭਾਗਾਂ ਤੱਕ ਪਹੁੰਚਾ ਕੇ ਉਨ੍ਹਾਂ ਦੇ ਹੱਲ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਸਿੱਧਾ ਸੰਪਰਕ ਬਣਾਈ ਰੱਖਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਸੁਝਾਵਾਂ ਨੂੰ ਵਿਕਾਸ ਕਾਰਜਾਂ ਦੀ ਯੋਜਨਾ ਵਿੱਚ ਸ਼ਾਮਲ ਕਰਨਾ ਲਗਾਤਾਰ ਜਾਰੀ ਰਹੇਗਾ।

ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਦੀ ਯੋਜਨਾ ਬਣਾਉਂਦੇ ਸਮੇਂ ਸਥਾਨਕ ਲੋਕਾਂ ਦੀਆਂ ਜ਼ਰੂਰਤਾਂ ਅਤੇ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਣਾ ਮਹੱਤਵਪੂਰਨ ਹੈ। ਇਲਾਕਾ ਨਿਵਾਸੀਆਂ ਵੱਲੋਂ ਰੱਖੀਆਂ ਜਾਂਦੀਆਂ ਮੰਗਾਂ ਅਤੇ ਸੁਝਾਵਾਂ ਨੂੰ ਸਬੰਧਤ ਪੱਧਰ ’ਤੇ ਪਹੁੰਚਾ ਕੇ ਉਨ੍ਹਾਂ ਦੇ ਹੱਲ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
ਨਿਤਿਨ ਕੋਹਲੀ ਨੇ ਕਿਹਾ ਕਿ ਹਲਕੇ ਦੇ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮਿਲਣ ਅਤੇ ਇਲਾਕਿਆਂ ਦਾ ਸਮੁੱਚਾ ਵਿਕਾਸ ਹੋਵੇ, ਇਸ ਦਿਸ਼ਾ ਵਿੱਚ ਅੱਗੇ ਵੀ ਵਿਕਾਸ ਕਾਰਜ ਜਾਰੀ ਰੱਖੇ ਜਾਣਗੇ।






