Wednesday, October 7, 2026
spot_img
HomeLatest Newsਚਾਵਲਾ ਕਾਂਡ ਨੂੰ ਲੈ ਕੇ ਬਟਾਲਾ ਵਿੱਚ ਖਾਲਸਾ ਰੋਸ ਮਾਰਚ, ਭਾਈ ਗੁਰਪ੍ਰੀਤ...

ਚਾਵਲਾ ਕਾਂਡ ਨੂੰ ਲੈ ਕੇ ਬਟਾਲਾ ਵਿੱਚ ਖਾਲਸਾ ਰੋਸ ਮਾਰਚ, ਭਾਈ ਗੁਰਪ੍ਰੀਤ ਸਿੰਘ ਵੱਲੋਂ ਪ੍ਰਧਾਨ ਧਾਮੀ ਦੇ ਅਸਤੀਫ਼ੇ ਦੀ ਮੰਗ

ਬਟਾਲਾ (ਵੀਓਪੀ ਬਿਊਰੋ) ਸ੍ਰੀ ਅਨੰਦਪੁਰ ਸਾਹਿਬ ਨਾਲ ਜੁੜੇ ਚਾਵਲਾ ਕਾਂਡ ਨੂੰ ਲੈ ਕੇ ਬਟਾਲਾ ਵਿੱਚ ਧਰਮ ਯੁੱਧ ਮੋਰਚਾ ਵੱਲੋਂ ਖਾਲਸਾ ਰੋਸ ਮਾਰਚ ਕੱਢਿਆ ਗਿਆ। ਮਾਰਚ ਦੌਰਾਨ ਧਰਮ ਯੁੱਧ ਮੋਰਚਾ ਬਟਾਲਾ ਦੇ ਕੋਆਰਡੀਨੇਟਰ ਭਾਈ ਗੁਰਪ੍ਰੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਅਸਤੀਫ਼ੇ ਦੀ ਮੰਗ ਕੀਤੀ।

ਭਾਈ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਚਾਵਲਾ ਕਾਂਡ ਨਾਲ ਸਬੰਧਤ ਮਾਮਲੇ ਵਿੱਚ ਦਰਜ ਹੋਈ ਐਫਆਈਆਰ ਨੇ ਸਿੱਖ ਸੰਗਤ ਦੇ ਮਨਾਂ ਵਿੱਚ ਰੋਸ ਪੈਦਾ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਮਾਮਲੇ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਪ੍ਰਧਾਨ ਧਾਮੀ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਸੰਗਤ ਸਾਹਮਣੇ ਅਧੂਰਾ ਸੱਚ ਪੇਸ਼ ਕਰ ਰਹੇ ਹਨ।

ਰੋਸ ਮਾਰਚ ਦੌਰਾਨ ਭਾਈ ਗੁਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਚੋਣਾਂ ਨਾ ਹੋਣ ਕਾਰਨ ਪ੍ਰਬੰਧ ਵਿੱਚ ਨਿਘਾਰ ਆਉਣ ਦੀ ਗੱਲ ਸੰਗਤਾਂ ਵੱਲੋਂ ਉਠਾਈ ਜਾ ਰਹੀ ਹੈ। ਇਸੇ ਮੰਗ ਨੂੰ ਲੈ ਕੇ 27 ਸਤੰਬਰ ਤੋਂ ਬਟਾਲਾ ਵਿੱਚ ਧਰਮ ਯੁੱਧ ਮੋਰਚਾ ਸ਼ੁਰੂ ਕੀਤੇ ਜਾਣ ਦਾ ਉਨ੍ਹਾਂ ਜ਼ਿਕਰ ਕੀਤਾ।

ਮੋਰਚੇ ਦੇ ਆਗੂਆਂ ਨੇ ਕੇਂਦਰ ਸਰਕਾਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਦਾ ਐਲਾਨ ਕਰਨ ਅਤੇ ਪੰਜਾਬ ਸਰਕਾਰ ਤੋਂ ਚੋਣ ਪ੍ਰਕਿਰਿਆ ਲਈ ਪ੍ਰਬੰਧ ਕਰਨ ਦੀ ਮੰਗ ਕੀਤੀ। ਉਨ੍ਹਾਂ ਮੁਤਾਬਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦਿੱਤੇ ਮੰਗ ਪੱਤਰ ’ਤੇ ਸਰਕਾਰ ਵੱਲੋਂ ਮਿਲਿਆ ਭਰੋਸਾ ਇੱਕ ਸਾਰਥਕ ਕਦਮ ਹੈ।

ਰੋਸ ਮਾਰਚ ਨੂੰ ਇਲਾਕੇ ਦੀਆਂ ਸੰਗਤਾਂ ਵੱਲੋਂ ਥਾਂ-ਥਾਂ ਸਮਰਥਨ ਦਿੱਤੇ ਜਾਣ ਦਾ ਦਾਅਵਾ ਕੀਤਾ ਗਿਆ। ਇਸ ਦੌਰਾਨ ਸੁਪਰੀਮ ਸਿੱਖ ਕੌਂਸਲ ਯੂਕੇ ਵੱਲੋਂ ਵੀ ਧਰਮ ਯੁੱਧ ਮੋਰਚੇ ਨਾਲ ਖੜ੍ਹਨ ਦਾ ਐਲਾਨ ਕੀਤਾ ਗਿਆ।

ਮਾਰਚ ਵਿੱਚ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਧਾਰਮਿਕ ਆਗੂਆਂ ਨੇ ਸ਼ਮੂਲੀਅਤ ਕੀਤੀ। ਆਯੋਜਕਾਂ ਮੁਤਾਬਕ ਬਾਬਾ ਗੁਰਦੀਪ ਸਿੰਘ ਭੁੱਲਰ, ਭਾਈ ਨਿਸ਼ਾਨ ਸਿੰਘ ਸਿਆਲਕਾ, ਬਾਬਾ ਪਰਮਬੀਰ ਸਿੰਘ, ਬਾਬਾ ਮਨਜੀਤ ਸਿੰਘ, ਭਾਈ ਗੁਰਨਾਮ ਸਿੰਘ, ਅਮਰੀਕ ਸਿੰਘ ਸ਼ਾਹਪੁਰ, ਭਾਈ ਕੁਲਵਿੰਦਰ ਸਿੰਘ ਗੌਂਸਪੁਰਾ, ਡਾ. ਬਲਜੀਤ ਸਿੰਘ ਧਾਰੋਵਾਲੀ ਸਮੇਤ ਕਈ ਹੋਰ ਸ਼ਖ਼ਸੀਅਤਾਂ ਮੌਜੂਦ ਰਹੀਆਂ।

ਰੋਸ ਮਾਰਚ ਦੌਰਾਨ ਸੰਗਤਾਂ ਵੱਲੋਂ ਵਾਹਨਾਂ ਲਈ ਤੇਲ ਦੀ ਸੇਵਾ ਵੀ ਕੀਤੀ ਗਈ। ਆਯੋਜਕਾਂ ਨੇ ਕਿਹਾ ਕਿ ਧਰਮ ਯੁੱਧ ਮੋਰਚਾ ਆਪਣੀਆਂ ਮੰਗਾਂ ਨੂੰ ਲੈ ਕੇ ਅੱਗੇ ਵੀ ਸੰਘਰਸ਼ ਜਾਰੀ ਰੱਖੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments