ਜੰਡਿਆਲਾ ਗੁਰੂ (ਵਰਿੰਦਰ ਸਿੰਘ ਮਲਹੋਤਰਾ) ਕਲ੍ਹ ਦੇਰ ਸ਼ਾਮ ਗਹਿਰੀ ਮੰਡੀ ਵਿੱਚ ਗੋਲੀਬਾਰੀ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਗਹਿਰੀ ਮੰਡੀ ਪਿੰਡ ਦੇ ਵਸਨੀਕ ਸਰਬਜੀਤ ਸਿੰਘ ਦੇ ਭਤੀਜੇ 19 ਸਾਲਾ ਜੋਬਨਜੀਤ ਸਿੰਘ ਨੂੰ ਸੱਜੀ ਲੱਤ ਵਿੱਚ ਗੋਲੀ ਲੱਗੀ ਹੈ ਅਤੇ ਪੁਲਿਸ ਨੇ ਉਸਨੂੰ ਸਰਕਾਰੀ ਮਾਨਾਵਾਲਾ ਹਸਪਤਾਲ ਦਾਖਲ ਕਰਵਾਇਆ ਹੈ।

ਗਹਿਰੀ ਮੰਡੀ ਵਿੱਚ ਬੰਦ ਪਈ ਪੁਲਿਸ ਚੌਂਕੀ ਦੇ ਸਾਹਮਣੇ ਚਾਹ ਅਤੇ ਪਕੌੜੇ ਵੇਚਣ ਵਾਲੇ ਸਰਬਜੀਤ ਸਿੰਘ ਨੇ ਦੱਸਿਆ ਕਿ ਉਸਦੀ ਚਾਹ ਅਤੇ ਪਕੌੜੇ ਦੀ ਦੁਕਾਨ ਹੈ। ਉਹ ਸ਼ਾਮ 7 ਵਜੇ ਦੇ ਕਰੀਬ ਆਪਣੀ ਦੁਕਾਨ ‘ਤੇ ਖੜ੍ਹਾ ਸੀ ਅਤੇ ਸੜਕ ਪਾਰ ਕਰ ਰਿਹਾ ਸੀ ਜਦੋਂ ਇੱਕ ਕਾਰ ਆਈ ਅਤੇ ਉਸਨੂੰ ਟੱਕਰ ਮਾਰ ਦਿੱਤੀ। ਫਿਰ ਕਾਰ ਸਵਾਰ ਨੇ ਉਸਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
ਮੈਂ ਉਸਨੂੰ ਦੱਸਿਆ ਕਿ ਮੇਰੀ ਲੱਤ ਵਿੱਚ ਇੱਕ ਰਾਡ ਪਈ ਹੈ ਮੈ ਤੇਜ ਨਹੀਂ ਚੱਲ ਸਕਦਾ । ਫਿਰ ਮੇਰਾ ਭਤੀਜਾ ਜੋਬਨਜੀਤ ਉਸ ਨਾਲ ਬਹਿਸਬਾਜੀ ਅਤੇ ਗਾਲੀ ਗਲੋਚ ਕਰਨ ਲਗ ਗਿਆ। ਕਾਰ ਸਵਾਰ ਧਮਕੀ ਦੇਣ ਤੋਂ ਬਾਅਦ ਇੱਕ ਵਾਰ ਚਲੇ ਗਿਆ। ਜ਼ਖਮੀ ਜੋਬਨਜੀਤ ਸਿੰਘ ਨੇ ਦੱਸਿਆ ਕਿ ਥੋੜ੍ਹੀ ਦੇਰ ਬਾਅਦ ਉਹ ਇੱਕ ਐਕਟਿਵਾ ‘ਤੇ ਆਇਆ ਅਤੇ ਪਿਸਤੌਲ ਤੋਂ ਦੋ ਸਿੱਧੇ ਗੋਲੀਆਂ ਚਲਾਈਆਂ, ਇੱਕ ਉਸਦੀ ਸੱਜੀ ਲੱਤ ਵਿੱਚ ਲੱਗੀ।
ਫਿਰ ਉਹ ਸਟੇਸ਼ਨ ਵੱਲ ਗਿਆ ਅਤੇ ਉੱਥੇ ਦੋ ਹੋਰ ਗੋਲੀਆਂ ਚਲਾਈਆਂ। ਦੁਕਾਨ ਤੋਂ ਇੱਕ ਗੋਲੀ ਦਾ ਖੋਲ ਬਰਾਮਦ ਕੀਤਾ ਗਿਆ ਅਤੇ ਪੁਲਿਸ ਨੂੰ ਸੌਂਪ ਦਿੱਤਾ ਗਿਆ। ਮੌਕੇ ‘ਤੇ ਪਹੁੰਚੇ ਐਸਐਚਓ ਹਰਪਾਲ ਸਿੰਘ ਨੇ ਕਿਹਾ ਕਿ ਗੋਲੀ ਚਲਾਉਣ ਵਾਲਾ ਰਾਹੁਲ ਸੀ, ਜੋ ਦੇਵੀਦਾਸਪੁਰਾ ਪਿੰਡ ਦਾ ਰਹਿਣ ਵਾਲਾ ਸੀ, ਜਿਸ ਵਿਰੁੱਧ ਪਹਿਲਾਂ ਵੀ ਇੱਕ ਮਾਮਲਾ ਦਰਜ ਹੈ।






