ਹੁਣ ਸੌਖੀ ਨਹੀਂ ਮਿਲੇਗੀ ਪੁਰਤਗਾਲ ਦੀ ਸਿਟੀਜ਼ਨਸ਼ਿਪ, 33 ਹਜ਼ਾਰ ਲੋਕਾਂ ਨੂੰ ਦੇਸ਼ ਨਿਕਾਲੇ ਦੇ ਹੁਕਮ
ਮਿਲਾਨ ਇਟਲੀ (ਵੀਓਪੀ ਬਿਊਰੋ): ਲਗਭਗ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਦੂਸਰੇ ਦੇਸ਼ਾਂ ਤੋਂ ਆਏ ਹੋਏ ਕਾਮਿਆਂ ਨੂੰ ਲੈ ਕੇ ਵਿਰੋਧਤਾ ਹੋ ਰਹੀ ਹੈ, ਜਿਥੇ ਕਿ ਅਮਰੀਕਾ ਨੇ ਬਹੁਤ ਸਾਰੇ ਭਾਰਤੀਆਂ ਨੂੰ ਪਿਛਲੇ ਦਿਨੀਂ ਵਾਪਸ ਭਾਰਤ ਭੇਜਿਆ ਸੀ। ਉਸ ਦਾ ਅਸਰ ਹੁਣ ਯੂਰਪ ਦੇ ਕਈ ਮੁਲਕਾਂ ਵਿਚ ਵੀ ਵੇਖਣ ਨੂੰ ਮਿਲ ਰਿਹਾ ਹੈ।

ਪੁਰਤਗਾਲ ਦੇ ਗ੍ਰਹਿ ਮੰਤਰਾਲੇ ਨੇ ਨਾਗਰਿਕਤਾ ਕਾਨੂੰਨ ਵਿਚ ਵੱਡਾ ਫੇਰਬਦਲ ਕਰਦਿਆਂ ਹੋਇਆਂ ਐਲਾਨ ਕੀਤਾ ਹੈ ਕਿ ਹੁਣ ਜਿਹੜੀ ਨੈਸ਼ਨਲਟੀ ਪੰਜ ਸਾਲ ਬਾਅਦ ਮਿਲਦੀ ਸੀ ਉਸ ਦਾ ਸਮਾਂ ਵਧਾ ਕੇ 10 ਸਾਲ ਕਰ ਦਿਤਾ ਗਿਆ ਹੈ ਜਦਕਿ ਦਸ ਸਾਲ ਬਾਅਦ ਅਪਲਾਈ ਕਰਨ ਤੋਂ ਬਾਅਦ ਚਾਰ ਤੋਂ ਪੰਜ ਸਾਲ ਵਾਧੂ ਵੀ ਲਗਣੇ ਤੈਅ ਹਨ।

ਦਸਣਯੋਗ ਹੈ ਕਿ ਬਹੁਤ ਸਾਰੇ ਯੂਰਪ ਵਿਚ ਰਹਿੰਦੇ ਭਾਰਤੀਆਂ ਕੋਲ ਪੁਰਤਗਾਲ ਦੀ ਨਾਗਰਿਕਤਾ (ਪਾਸਪੋਰਟ) ਹਨ ਪਰ ਹੁਣ ਉਹ ਦੁਨੀਆਂ ਦੇ ਦੂਸਰੇ ਦੇਸ਼ਾਂ ਵਿਚ ਜਾ ਕੇ ਕਾਰੋਬਾਰ ਕਰ ਰਹੇ ਹਨ। ਪੁਰਤਗਾਲ ਵਿਚ ਵਿਦੇਸ਼ੀ ਕਾਮਿਆਂ ਦੀ ਬਹੁਗਿਣਤੀ ਹੋਣ ਕਰ ਕੇ ਸਰਕਾਰ ਨੇ ਸਖ਼ਤ ਕਾਨੂੰਨ ਹੋਂਦ ਵਿਚ ਲਿਆਂਦੇ ਹਨ। ਪੁਰਤਗਾਲ ਨਾਗਰਿਕਤਾ ਦਾ ਸਮਾਂ ਵਧਾ ਕੇ 10 ਸਾਲ ਕਰ ਦਿਤਾ ਹੈ ਤੇ ਨਾਲ ਹੀ ਜਿਹੜੀਆਂ ਪਹਿਲੀਆਂ ਸਾਰੀਆਂ ਜ਼ਰੂਰੀ ਸ਼ਰਤਾਂ ਉਹ ਵੀ ਲੱਗੀਆਂ ਰਹਿਣਗੀਆਂ।

ਦਸਣਯੋਗ ਹੈ ਕਿ ਇਟਲੀ ਵਿਚ ਹੋਏ ਸਰਵੇ ਵਿਚ ਇਟਲੀ ਦੀ ਨਾਗਰਿਕਤਾ 10 ਸਾਲ ਰੱਖਣ ’ਤੇ ਸਹਿਮਤੀ ਪ੍ਰਗਟਾਈ ਗਈ ਸੀ ਜਦਕਿ ਮੰਗ 5 ਸਾਲ ਦੀ ਕੀਤੀ ਗਈ ਸੀ ਜਿਸ ਤੋਂ ਸਾਫ਼ ਪਤਾ ਲੱਗ ਰਿਹਾ ਹੈ ਕਿ ਯੂਰਪ ਦੇ ਨਾਗਰਿਕ ਬਾਹਰਲੇ ਦੇਸ਼ਾਂ ਤੋਂ ਆਏ ਕਾਮਿਆਂ ਨੂੰ ਪੱਕੇ ਵਸਨੀਕ ਬਣਾਉਣ ਦੇ ਹੱਕ ਵਿਚ ਨਹੀਂ ਹਨ।
ਪੁਰਤਗਾਲ ਦੀ ਸਰਕਾਰ ਨੇ ਪਿਛਲੇ ਦਿਨੀਂ 33 ਹਜ਼ਾਰ ਤੋਂ ਵੱਧ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦੇ ਹੁਕਮ ਜਾਰੀ ਕੀਤੇ ਸਨ। ਜਿਨ੍ਹਾਂ ਨੇ ਕੰਮਕਾਰ ਦੇ ਤੌਰ ’ਤੇ ਵਰਕ ਪਰਮਿਟ ਲਈ ਅਪਲਾਈ ਕੀਤਾ ਹੋਇਆ ਸੀ।



