ਕੈਨੇਡਾ ‘ਚ ਇਸਕਾਨ ਰੱਥ ਯਾਤਰਾ ਦੌਰਾਨ ਸੁੱਟੇ ਅੰਡੇ, ਭਾਰਤ ਸਰਕਾਰ ਨੇ ਕੈਨੇਡਾ ਨੂੰ ਕਾਰਵਾਈ ਲਈ ਕਿਹਾ
ਦਿੱਲੀ (ਵੀਓਪੀ ਬਿਊਰੋ) ਭਾਰਤ ਸਰਕਾਰ ਨੇ ਕੈਨੇਡਾ ਦੇ ਟੋਰਾਂਟੋ ਵਿੱਚ ਕੱਢੀ ਗਈ ਰੱਥ ਯਾਤਰਾ ਦੌਰਾਨ ਕੁਝ ਸ਼ਰਾਰਤੀ ਤੱਤਾਂ ਵੱਲੋਂ ਅੰਡੇ ਸੁੱਟਣ ਦੀ ਘਟਨਾ ‘ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇਸਨੂੰ “ਮੰਦਭਾਗਾ” ਕਰਾਰ ਦਿੱਤਾ ਅਤੇ ਕਿਹਾ ਕਿ ਇਹ ਪਵਿੱਤਰ ਤਿਉਹਾਰ ਦੀ ਭਾਵਨਾ ਦੇ ਪੂਰੀ ਤਰ੍ਹਾਂ ਵਿਰੁੱਧ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰ ਕੇ ਕਿਹਾ ਕਿ , “ਅਸੀਂ ਟੋਰਾਂਟੋ ਵਿੱਚ ਰੱਥ ਯਾਤਰਾ ਦੌਰਾਨ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਗੜਬੜ ਦੀਆਂ ਰਿਪੋਰਟਾਂ ਦੇਖੀਆਂ ਹਨ। ਅਜਿਹੀਆਂ ਨਿੰਦਣਯੋਗ ਕਾਰਵਾਈਆਂ ਨਾ ਸਿਰਫ਼ ਅਫਸੋਸਜਨਕ ਹਨ ਬਲਕਿ ਤਿਉਹਾਰ ਦੀ ਭਾਵਨਾ ਦੇ ਵੀ ਉਲਟ ਹਨ।”

ਉਨ੍ਹਾਂ ਕਿਹਾ ਕਿ ਭਾਰਤ ਨੇ ਇਹ ਮਾਮਲਾ ਕੈਨੇਡੀਅਨ ਅਧਿਕਾਰੀਆਂ ਕੋਲ ਜ਼ੋਰਦਾਰ ਢੰਗ ਨਾਲ ਚੁੱਕਿਆ ਹੈ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਇਹ ਵੀ ਉਮੀਦ ਪ੍ਰਗਟ ਕੀਤੀ ਕਿ ਕੈਨੇਡੀਅਨ ਸਰਕਾਰ ਭਾਰਤੀ ਭਾਈਚਾਰੇ ਦੇ ਧਾਰਮਿਕ ਅਧਿਕਾਰਾਂ ਦੀ ਰੱਖਿਆ ਲਈ ਢੁਕਵੇਂ ਕਦਮ ਚੁੱਕੇਗੀ।
ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਇੰਸਟਾਗ੍ਰਾਮ ਯੂਜ਼ਰ ਸੰਗਨਾ ਬਜਾਜ ਨੇ ਐਤਵਾਰ ਨੂੰ ਇੱਕ ਵੀਡੀਓ ਪੋਸਟ ਕੀਤਾ, ਜਿਸ ਵਿੱਚ ਉਹ ਇਸਕਾਨ ਦੀ ਰੱਥ ਯਾਤਰਾ ਵਿੱਚ ਹਿੱਸਾ ਲੈਂਦੀ ਦਿਖਾਈ ਦੇ ਰਹੀ ਹੈ। ਵੀਡੀਓ ਵਿੱਚ, ਇਹ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਰੱਥ ਯਾਤਰਾ ਘੱਟ ਭੀੜ ਵਾਲੇ ਖੇਤਰ ਵਿੱਚ ਪਹੁੰਚਦਾ ਹੈ, ਸੜਕ ‘ਤੇ ਟੁੱਟੇ ਹੋਏ ਅੰਡੇ ਪਏ ਹੁੰਦੇ ਹਨ। ਬਜਾਜ ਨੇ ਦਾਅਵਾ ਕੀਤਾ ਕਿ ਇਹ ਅੰਡੇ ਨੇੜਲੀ ਇਮਾਰਤ ਤੋਂ ਸੁੱਟੇ ਗਏ ਸਨ।




