ਪੁਲਿਸ ਨੇ ਮੁਲਜ਼ਮਾਂ ਤੋਂ 10 ਆਧੁਨਿਕ ਹਥਿਆਰ 5.048 ਕਿਲੋਗ੍ਰਾਮ ਹੈਰੋਇਨ ਤੇ 30.38 ਲੱਖ ਰੁਪਏ ਹਵਾਲਾ ਨਕਦੀ ਬਰਾਮਦ ਕੀਤੀ।
ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਕੇਂਦਰੀ ਏਜੰਸੀ ਨਾਲ ਸਾਂਝੇ ਆਪ੍ਰੇਸ਼ਨ ‘ਚ, ਗੈਰ-ਕਾਨੂੰਨੀ ਹਥਿਆਰਾਂ, ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਹਵਾਲਾ ਲੈਣ-ਦੇਣ ‘ਚ ਸ਼ਾਮਲ ਇੱਕ ਸਰਹੱਦ ਪਾਰ ਨੈੱਟਵਰਕ ਦਾ ਪਰਦਾਫਾਸ਼ ਕਰਕੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਕਰਵਾਈ ਦੌਰਾਨ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ‘ਚੋਂ ਇੱਕ ਅਫਗਾਨ ਨਾਗਰਿਕ ਤੇ ਇੱਕ ਨਾਬਾਲਗ ਸ਼ਾਮਲ ਹੈ।
ਪੁਲਿਸ ਨੇ ਮੁਲਜ਼ਮਾਂ ਤੋਂ 10 ਆਧੁਨਿਕ ਹਥਿਆਰ (ਦੋ ਸਬ-ਮਸ਼ੀਨ ਗਨ ਸਮੇਤ), 5.048 ਕਿਲੋਗ੍ਰਾਮ ਹੈਰੋਇਨ ਤੇ 30.38 ਲੱਖ ਰੁਪਏ ਹਵਾਲਾ ਨਕਦੀ ਬਰਾਮਦ ਕੀਤੀ। ਪੰਜਾਬ ਦੇ ਡੀਜੀਪੀ ਨੇ ਇਹ ਜਾਣਕਾਰੀ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਸਾਂਝੀ ਕੀਤੀ।
ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਵਿਦੇਸ਼ਾਂ ‘ਚ ਸਥਿਤ ਹੈਂਡਲਰਾਂ ਦੇ ਸੰਪਰਕ ‘ਚ ਸਨ, ਜੋ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਨੈੱਟਵਰਕ ਚਲਾ ਰਹੇ ਸਨ। ਮੁਲਜ਼ਮਾਂ ਨੂੰ ਵਿਦੇਸ਼ਾਂ ਤੋਂ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਮਿਲਦੀਆਂ ਸਨ, ਜਿਨ੍ਹਾਂ ਨੂੰ ਉਹ ਫਿਰ ਵੱਖ-ਵੱਖ ਅਪਰਾਧਿਕ ਗਿਰੋਹਾਂ ਤੇ ਵਿਅਕਤੀਗਤ ਅਪਰਾਧੀਆਂ ਨੂੰ ਵੰਡਦੇ ਸਨ।
ਜਾਂਚ ‘ਚ ਇਹ ਵੀ ਪਤਾ ਲੱਗਾ ਕਿ ਗਿਰੋਹ ਨੇ ਹਵਾਲਾ ਨੈੱਟਵਰਕ ਦੀ ਵਰਤੋਂ ਵੱਖ-ਵੱਖ ਥਾਵਾਂ ‘ਤੇ ਵਿੱਤੀ ਲੈਣ-ਦੇਣ ਲਈ ਕੀਤੀ। ਪੁਲਿਸ ਦਾ ਮੰਨਣਾ ਹੈ ਕਿ ਨੈੱਟਵਰਕ ਦੀਆਂ ਡੂੰਘੀਆਂ ਜੜ੍ਹਾਂ ਤੇ ਅੰਤਰਰਾਸ਼ਟਰੀ ਸੰਪਰਕ ਹਨ।
ਇਸਲਾਮਾਬਾਦ ਪੁਲਿਸ ਸਟੇਸ਼ਨ, ਅੰਮ੍ਰਿਤਸਰ ਵਿਖੇ ਇੱਕ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਨੈੱਟਵਰਕ ਨਾਲ ਜੁੜੇ ਸਾਰੇ ਵਿਅਕਤੀਆਂ ਦੀ ਪਛਾਣ ਕਰਨ ਲਈ ਪੂਰੀ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ, ਹੋਰ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰਨ ਤੇ ਹੋਰ ਬਰਾਮਦਗੀਆਂ ਕਰਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।