Wednesday, July 1, 2026
spot_imgspot_imgspot_imgspot_img
HomeLatest NewsAmritsar ‘ਚ ਅੰਤਰਰਾਸ਼ਟਰੀ ਤਸਕਰੀ ਰੈਕੇਟ ਦਾ ਪਰਦਾਫਾਸ਼: ਡਰੋਨ ਨਾਲ ਹੈਰੋਇਨ-ਹਥਿਆਰਾਂ ਮੰਗਵਾਉਣ ਵਾਲੇ...

Amritsar ‘ਚ ਅੰਤਰਰਾਸ਼ਟਰੀ ਤਸਕਰੀ ਰੈਕੇਟ ਦਾ ਪਰਦਾਫਾਸ਼: ਡਰੋਨ ਨਾਲ ਹੈਰੋਇਨ-ਹਥਿਆਰਾਂ ਮੰਗਵਾਉਣ ਵਾਲੇ 4 ਨੌਜਵਾਨ ਕਾਬੂ

ਅੰਮ੍ਰਿਤਸਰ ਪੁਲਿਸ ਨੂੰ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਖਿਲਾਫ ਆਪਣੀ ਮੁਹਿੰਮ ਵਿੱਚ ਵੱਡੀ ਸਫਲਤਾ ਮਿਲੀ ਹੈ।

ਅੰਮ੍ਰਿਤਸਰ ਪੁਲਿਸ ਨੂੰ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੌਰਾਨ ਵੱਡੀ ਸਫਲਤਾ ਮਿਲੀ ਹੈ। ਡੀਸੀਪੀ ਲਾਅ ਐਂਡ ਆਰਡਰ ਆਲਮ ਵਿਜੇ ਸਿੰਘ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਥਾਣਾ ਸੁਲਤਾਨਵਿੰਡ ਦੀ ਪੁਲਿਸ ਨੇ ਸਰਹੱਦ ਪਾਰ ਤੋਂ ਡਰੋਨ ਰਾਹੀਂ ਹੈਰੋਇਨ ਅਤੇ ਹਥਿਆਰ ਮੰਗਵਾਉਣ ਵਾਲੇ ਇੱਕ ਅੰਤਰਰਾਸ਼ਟਰੀ ਤਸਕਰੀ ਰੈਕਟ ਦਾ ਪਰਦਾਫਾਸ਼ ਕਰਦੇ ਹੋਏ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਅੰਮ੍ਰਿਤਸਰ ‘ਚ ਡਰੋਨ ਤਸਕਰੀ ਰੈਕੇਟ ਦਾ ਪਰਦਾਫਾਸ਼

ਡੀਸੀਪੀ ਨੇ ਦੱਸਿਆ ਕਿ ਥਾਣਾ ਸੁਲਤਾਨਵਿੰਡ ਵਿਖੇ ਐਫਆਈਆਰ ਨੰਬਰ 142/26 ਦਰਜ ਕੀਤੀ ਗਈ ਹੈ। 25 ਜੂਨ 2026 ਨੂੰ ਐਸਐਚਓ ਸੁਲਤਾਨਵਿੰਡ ਅਤੇ ਏਐਸਆਈ ਦਿਲਬਾਗ ਸਿੰਘ ਪੁਲਿਸ ਪਾਰਟੀ ਸਮੇਤ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਪੁਲਿਸ ਨੇ ਬਿਨਾਂ ਨੰਬਰ ਵਾਲੇ ਇੱਕ ਦੋਪਹੀਆ ਵਾਹਨ ਨੂੰ ਸ਼ੱਕ ਦੇ ਆਧਾਰ ‘ਤੇ ਰੋਕਿਆ। ਵਾਹਨ ‘ਤੇ ਸਵਾਰ ਗੁਰਸੇਵਕ ਸਿੰਘ ਅਤੇ ਨਿਰਵੈਲ ਸਿੰਘ ਨੂੰ ਕਾਬੂ ਕਰਕੇ ਤਲਾਸ਼ੀ ਲਈ ਗਈ, ਜਿਸ ਦੌਰਾਨ ਇੱਕ ਪਿਸਤੌਲ ਅਤੇ ਪੰਜ ਜ਼ਿੰਦਾ ਕਾਰਤੂਸ ਬਰਾਮਦ ਹੋਏ। ਇਨ੍ਹਾਂ ਵਿੱਚੋਂ ਤਿੰਨ ਕਾਰਤੂਸ ਪਿਸਤੌਲ ਦੀ ਮੈਗਜ਼ੀਨ ਵਿੱਚ ਸਨ, ਜਦਕਿ ਦੋ ਕਾਰਤੂਸ ਨਿਰਵੈਲ ਸਿੰਘ ਦੀ ਜੇਬ ਵਿੱਚੋਂ ਮਿਲੇ।
ਪੁਲਿਸ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਦੋਵੇਂ ਮੁਲਜ਼ਮ ਪਹਿਲਾਂ ਤੋਂ ਹੀ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਰਹੇ ਹਨ। ਗੁਰਸੇਵਕ ਸਿੰਘ ਅਤੇ ਨਿਰਵੈਲ ਸਿੰਘ ਖ਼ਿਲਾਫ਼ ਥਾਣਾ ਛੇਹਰਟਾ ਵਿੱਚ 30 ਅਪ੍ਰੈਲ 2026 ਨੂੰ ਇੱਕ ਘਰ ‘ਤੇ ਫਾਇਰਿੰਗ ਕਰਨ ਸਬੰਧੀ ਮਾਮਲਾ ਦਰਜ ਹੈ ਅਤੇ ਦੋਵੇਂ ਉਸ ਮਾਮਲੇ ਵਿੱਚ ਭਗੌੜੇ ਚੱਲ ਰਹੇ ਸਨ।

ਡਰੋਨ ਰਾਹੀਂ ਹਥਿਆਰ ਤੇ ਨਸ਼ੀਲਾ ਸਮਾਨ ਮੰਗਵਾਉਂਦੇ ਸਨ ਤਸਕਰ

ਡੀਸੀਪੀ ਨੇ ਦੱਸਿਆ ਕਿ ਅਗਲੀ ਪੁੱਛਗਿੱਛ ਦੌਰਾਨ ਇਹ ਵੀ ਖੁਲਾਸਾ ਹੋਇਆ ਕਿ ਮੁਲਜ਼ਮ ਪਾਕਿਸਤਾਨ ਅਧਾਰਿਤ ਤਸਕਰਾਂ ਦੇ ਸੰਪਰਕ ਵਿੱਚ ਸਨ ਅਤੇ ਡਰੋਨ ਰਾਹੀਂ ਹਥਿਆਰ ਤੇ ਨਸ਼ੀਲਾ ਸਮਾਨ ਮੰਗਵਾਉਂਦੇ ਸਨ। ਇਸ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਜਸ਼ਨਪ੍ਰੀਤ ਸਿੰਘ ਅਤੇ ਗੁਰਵਿੰਦਰ ਸਿੰਘ ਉਰਫ਼ ਗਿੰਦਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਜਸ਼ਨਪ੍ਰੀਤ ਖ਼ਿਲਾਫ਼ ਪਹਿਲਾਂ ਹੀ ਕਰਿੰਡੀ ਥਾਣੇ ਵਿੱਚ ਦੋ ਕਿਲੋ ਹੈਰੋਇਨ ਨਾਲ ਸੰਬੰਧਿਤ ਮਾਮਲਾ ਦਰਜ ਹੈ, ਜਦਕਿ ਗੁਰਸੇਵਕ ਸਿੰਘ ਖ਼ਿਲਾਫ਼ ਵੀ ਕਈ ਹੋਰ ਕੇਸ ਦਰਜ ਹਨ। ਦੋਵੇਂ ਮੁਲਜ਼ਮ ਇਸ ਸਮੇਂ ਜ਼ਮਾਨਤ ‘ਤੇ ਬਾਹਰ ਸਨ।
ਪੁਲਿਸ ਮੁਤਾਬਕ ਗ੍ਰਿਫ਼ਤਾਰ ਚਾਰਾਂ ਮੁਲਜ਼ਮਾਂ ਵਿੱਚੋਂ ਤਿੰਨ ਬੇਰੁਜ਼ਗਾਰ ਹਨ, ਜਦਕਿ ਗੁਰਵਿੰਦਰ ਸਿੰਘ ਉਰਫ਼ ਗਿੰਦਾ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਠੇਕੇ ‘ਤੇ ਸੁਪਰਵਾਈਜ਼ਰ ਵਜੋਂ ਕੰਮ ਕਰਦਾ ਹੈ। ਪੁਲਿਸ ਨੇ ਚਾਰ ਪਿਸਤੌਲ ਅਤੇ ਪੰਜ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਦੋ ਹੋਰ ਮੁਲਜ਼ਮ ਅਜੇ ਵੀ ਫਰਾਰ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਵਿਸ਼ੇਸ਼ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।
ਡੀਸੀਪੀ ਆਲਮ ਵਿਜੇ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਪੁਲਿਸ ਸਰਹੱਦ ਪਾਰ ਤੋਂ ਚੱਲ ਰਹੀਆਂ ਨਸ਼ਾ ਅਤੇ ਹਥਿਆਰ ਤਸਕਰੀ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਅਜਿਹੇ ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਭਵਿੱਖ ਵਿੱਚ ਵੀ ਜਾਰੀ ਰਹੇਗੀ।
RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments