ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਹਾਈਕਮਾਂਡ ਵੱਲੋਂ ਬੀਤੇ ਦਿਨੀਂ ਆਪਣੀਆਂ ਚੋਣ ਕਮੇਟੀ ਦਾ ਐਲਾਨ ਕਰ ਦਿੱਤਾ ਗਿਆ।
ਪੰਜਾਬ ਕਾਂਗਰਸ ਵਿੱਚ ਹਾਈਕਮਾਂਡ ਵਿੱਚ ਬਦਲਾਅ ਤੋਂ ਬਾਅਦ ਨਾਰਾਜ਼ਗੀ ਵਧ ਗਈ ਹੈ। ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਉਨ੍ਹਾਂ ਨੂੰ ਲਾਂਭੇ ਕੀਤੇ ਜਾਣ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਲਿਖਿਆ, “ਕਾਸ਼ ਮੇਰੇ ਕੋਲ ਵਿਅਕਤੀਆਂ ਅਤੇ ਸੰਸਥਾਵਾਂ ਦੀ ਅਸੁਰੱਖਿਆ (ਹੀਣਭਾਵਨਾ) ਦਾ ਕੋਈ ਪ੍ਰਤੀਰੋਧਕ (ਐਂਟੀਡੋਟ) ਹੁੰਦਾ।”
ਹਾਲਾਂਕਿ, ਇੰਡੀਅਨ ਨੈਸ਼ਨਲ ਕਾਂਗਰਸ ਨੇ ਪਿਛਲੇ 45 ਸਾਲਾਂ ਵਿੱਚ ਮੈਨੂੰ ਬਹੁਤ ਕੁਝ ਦਿੱਤਾ ਹੈ, ਅਤੇ ਮੈਂ ਆਪਣੀ ਜਵਾਨੀ ਦੇ ਦਹਾਕੇ ਭਾਰਤੀ ਰਾਸ਼ਟਰੀ ਕਾਂਗਰਸ ਦੀ ਸੇਵਾ ਲਈ ਸਮਰਪਿਤ ਕੀਤੇ ਹਨ। ਜੋ ਹੋਵੇਗਾ, ਸੋ ਹੋਵੇਗਾ…
ਉੱਧਰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਗੁਰਦਾਸਪੁਰ ਦੇ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਵੀ ਐਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਧਾਨ ਨਿਯੁਕਤ ਕੀਤੇ ਜਾਣ ਤੋਂ ਨਾਰਾਜ਼ ਹੋ ਗਏ ਹਨ। ਇਸੇ ਕਰਕੇ ਦੋਵਾਂ ਆਗੂਆਂ ਨੇ ਅਹੁਦਾ ਮਿਲਣ ਤੋਂ ਬਾਅਦ ਅਜੇ ਤੱਕ ਹਾਈਕਮਾਂਡ ਦਾ ਧੰਨਵਾਦ ਨਹੀਂ ਕੀਤਾ ਹੈ, ਅਤੇ ਸੋਸ਼ਲ ਮੀਡੀਆ ‘ਤੇ ਵੀ ਪੋਸਟ ਨਹੀਂ ਕੀਤੀ ਹੈ।
ਚੰਨੀ-ਰੰਧਾਵਾ ਵੀ ਨਰਾਜ!
ਚਰਨਜੀਤ ਚੰਨੀ ਖੁਦ ਪ੍ਰਧਾਨ ਦਾ ਅਹੁਦਾ ਚਾਹੁੰਦੇ ਸਨ। ਕਾਂਗਰਸ ਦੇ ਅੰਦਰੂਨੀ ਸੂਤਰਾਂ ਅਨੁਸਾਰ, ਇਸ ‘ਤੇ ਸਹਿਮਤੀ ਬਣ ਗਈ ਸੀ, ਪਰ ਆਖਰੀ ਸਮੇਂ ‘ਤੇ, ਜੱਟ ਸਿੱਖਾਂ ਦੀ ਨਾਰਾਜ਼ਗੀ ਤੋਂ ਡਰਦੇ ਹੋਏ, ਕਾਂਗਰਸ ਨੇ ਰਾਜਾ ਵੜਿੰਗ ਨੂੰ ਹੀ ਪ੍ਰਧਾਨ ਬਣਾਈ ਰੱਖਣ ਦਾ ਫੈਸਲਾ ਕੀਤਾ। ਉੱਧਰ, ਰੰਧਾਵਾ ਕਥਿਤ ਤੌਰ ‘ਤੇ ਇਸ ਲਈ ਨਾਰਾਜ਼ ਹਨ ਕਿਉਂਕਿ ਜੇਕਰ ਕਿਸੇ ਜੱਟ ਸਿੱਖ ਨੂੰ ਹੀ ਪ੍ਰਧਾਨ ਨਿਯੁਕਤ ਕਰਨਾ ਸੀ, ਤਾਂ ਉਨ੍ਹਾਂ ਨੂੰ ਕਿਉਂ ਨਹੀਂ ਨਿਯੁਕਤ ਕੀਤਾ ਗਿਆ? ਇਸ ਤੋਂ ਪਹਿਲਾਂ 2021 ਵਿੱਚ, ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਤੋਂ ਬਾਅਦ, ਹਾਈ ਕਮਾਂਡ ਦੀ ਪ੍ਰਵਾਨਗੀ ਮਿਲਣ ਦੇ ਬਾਵਜੂਦ ਉਨ੍ਹਾਂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਸੀ।
ਉੱਦੋਂ, ਇਹ ਅਹੁਦਾ ਚਰਨਜੀਤ ਚੰਨੀ ਨੂੰ ਦੇ ਦਿੱਤਾ ਗਿਆ ਸੀ। ਤਾਜ਼ਾ ਬਦਲਾਅ ਵਿੱਚ, ਕਾਂਗਰਸ ਨੇ ਚੰਨੀ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਸੁਖਜਿੰਦਰ ਰੰਧਾਵਾ ਨੂੰ ਟਿਕਟ ਵੰਡ ਲਈ ਕੋਰ ਕਮੇਟੀ ਦਾ ਚੇਅਰਮੈਨ ਨਿਯੁਕਤ ਕਰਕੇ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਬਿੱਟੂ ਬੋਲੇ, “ਜਿਨ੍ਹਾਂ ਨੂੰ ਥਾਂ ਨਹੀਂ ਮਿਲੀ, ਉਹ ਆਪਣੇ ਆਪ ਨੂੰ ਕਾਂਗਰਸੀ ਨਾ ਸਮਝਣ”
ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਨੇਤਾ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਟਵੀਟ ਕੀਤਾ ਕਿ ਜਿਨ੍ਹਾਂ ਨੂੰ ਇਨ੍ਹਾਂ ਕਮੇਟੀਆਂ ਵਿੱਚ ਥਾਂ ਨਹੀਂ ਮਿਲੀ ਹੈ, ਉਹ ਆਪਣੇ ਆਪ ਨੂੰ ਕਾਂਗਰਸੀ ਨਾ ਸਮਝਣ। ਉਨ੍ਹਾਂ ਕਿਹਾ ਕਿ ਇਸ ਕਮੇਟੀ ਵਿੱਚ ਕੋ- ਚੇਅਰਮੈਨ ਅਤੇ ਹੋਰ ਅਹੁਦੇ ਨਿਯੁਕਤ ਕੀਤੇ ਗਏ ਹਨ। ਹੋਰ ਕੋਈ ਅਹੁਦਾ ਨਹੀਂ ਦਿੱਤਾ ਗਿਆ ਹੈ। ਬਿੱਟੂ ਨੇ ਕਿਹਾ ਕਿ ਜਿਆਦਾਤਰ ਲੋਕਾਂ ਨੇ ਚੰਨੀ ਨੂੰ ਪ੍ਰਾਧਾਨ ਬਣਾਉਣ ਲਈ ਹਾਈਕਮਾਂਡ ਨੂੰ ਚਿੱਠੀ ਲਿਖੀ। ਹੁਣ ਰਾਜਾ ਵੜਿੰਗ ਦੇ ਪ੍ਰਧਾਨ ਬਣਨ ਨਾਲ ਉਹ ਵੜਿੰਗ ਨਾਲ ਕਿਵੇਂ ਕੰਮ ਕਰਨਗੇ? ਬਿੱਟੂ ਨੇ ਦਾਅਵਾ ਕੀਤਾ ਕਿ ਸੀਨੀਅਰ ਕਾਂਗਰਸੀ ਆਗੂ ਇਸ ਤੋਂ ਨਾਖੁਸ਼ ਹਨ।
ਕਾਂਗਰਸ ਵਿੱਚ ਮੁੜ ਬਣ ਰਹੇ 2022 ਵਰਗੇ ਹਾਲਾਤ!
ਕਾਂਗਰਸ ਵਿੱਚ ਜੋ ਹਾਲਾਤ 2022 ਵਿੱਚ ਪੰਜਾਬ ਵਿੱਚ ਹੋਏ ਸਨ, ਉਹ 2027 ਦੀਆਂ ਚੋਣਾਂ ਤੋਂ ਪਹਿਲਾਂ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਉਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਏ ਜਾਣ ਤੋਂ ਬਾਅਦ ਨਵਜੋਤ ਸਿੱਧੂ ਮੁੱਖ ਮੰਤਰੀ ਬਣਨਾ ਚਾਹੁੰਦੇ ਸਨ, ਪਰ ਹਾਈਕਮਾਂਡ ਨੇ ਇਨਕਾਰ ਕਰ ਦਿੱਤਾ ਸੀ। ਜਦੋਂ ਹਾਈਕਮਾਂਡ ਨੇ ਸੁਖਜਿੰਦਰ ਰੰਧਾਵਾ ਦਾ ਨਾਮ ਫਾਈਨਲ ਕੀਤਾ ਤਾਂ ਸਿੱਧੂ ਨਰਾਜ ਹੋ ਗਏ ਸਨ।




