Wednesday, September 16, 2026
spot_img
HomeLatest NewsCWG 2026: ਸੀਮਾ ਕਾਲੀਰਮਨ ਨੇ ਡਿਸਕਸ ਥ੍ਰੋਅ ‘ਚ ਜਿੱਤਿਆ ਕਾਂਸੀ ਦਾ ਤਮਗਾ,...

CWG 2026: ਸੀਮਾ ਕਾਲੀਰਮਨ ਨੇ ਡਿਸਕਸ ਥ੍ਰੋਅ ‘ਚ ਜਿੱਤਿਆ ਕਾਂਸੀ ਦਾ ਤਮਗਾ, ਭਾਰਤ ਦੇ ਖ਼ਾਤੇ ‘ਚ ਆਇਆ 17ਵਾਂ ਮੈਡਲ

ਕਾਮਨਵੇਲਥ ਗੇਮਜ਼ 2026 ਦਾ ਅੱਠਵਾਂ ਦਿਨ ਵੀ ਭਾਰਤੀ ਖੇਡ ਪ੍ਰਸ਼ੰਸਕਾਂ ਲਈ ਖ਼ੁਸ਼ੀਆਂ ਭਰਿਆ ਰਿਹਾ।

ਕਾਮਨਵੇਲਥ ਗੇਮਜ਼ 2026 ਦਾ ਅੱਠਵਾਂ ਦਿਨ ਵੀ ਭਾਰਤੀ ਖੇਡ ਪ੍ਰਸ਼ੰਸਕਾਂ ਲਈ ਖ਼ੁਸ਼ੀਆਂ ਭਰਿਆ ਰਿਹਾ। ਹਾਲਾਂਕਿ ਤਮਗੇ ਲਈ ਦੇਰ ਰਾਤ ਤੱਕ ਇੰਤਜ਼ਾਰ ਕਰਨਾ ਪਿਆ, ਪਰ ਦਿਨ ਦਾ ਅੰਤ ਬਹੁਤ ਹੀ ਸ਼ਾਨਦਾਰ ਰਿਹਾ। ਔਰਤਾਂ ਦੇ ਡਿਸਕਸ ਥ੍ਰੋਅ ਮੁਕਾਬਲੇ ਵਿੱਚ ਭਾਰਤ ਦੀ ਸੀਮਾ ਕਾਲੀਰਮਨ ਨੇ ਬ੍ਰੌਂਜ਼ ਮੈਡਲ ਆਪਣੇ ਨਾਮ ਕੀਤਾ। ਇਸ ਜਿੱਤ ਨਾਲ ਇਨ੍ਹਾਂ ਖੇਡਾਂ ਵਿੱਚ ਭਾਰਤ ਦੇ ਕੁੱਲ ਮੈਡਲਾਂ ਦੀ ਗਿਣਤੀ 17 ਤੱਕ ਪਹੁੰਚ ਗਈ ਹੈ, ਜਦਕਿ ਐਥਲੈਟਿਕਸ ਵਿੱਚ ਇਹ ਭਾਰਤ ਦੀ ਝੋਲੀ ਪੈਣ ਵਾਲਾ ਅੱਠਵਾਂ ਤਮਗਾ ਸੀ। ਖਾਸ ਗੱਲ ਇਹ ਹੈ ਕਿ ਸੀਮਾ ਦਾ ਇਹ ਕਾਮਨਵੇਲਥ ਗੇਮਜ਼ ‘ਚ ਡੈਬਿਊ ਸੀ ਅਤੇ ਉਹ ਆਪਣੇ ਪਹਿਲੇ ਹੀ ਯਤਨ ‘ਚ ਮੈਡਲ ਜਿੱਤ ਕੇ ਵਾਪਸ ਪਰਤੀ ਹੈ।

ਸਿਰਫ਼ 2 ਸਹੀ ਥ੍ਰੋਅ ਨਾਲ ਰਚਿਆ ਇਤਿਹਾਸ

ਗਲਾਸਗੋ ‘ਚ ਵੀਰਵਾਰ 30 ਜੁਲਾਈ ਨੂੰ ਪੂਰਾ ਦਿਨ ਭਾਰਤ ਨੂੰ ਕਿਸੇ ਤਮਗੇ ਦੀ ਆਸ ‘ਚ ਇੰਤਜ਼ਾਰ ਕਰਨਾ ਪਿਆ, ਪਰ ਸਫ਼ਲਤਾ ਹੱਥ ਨਹੀਂ ਲੱਗ ਰਹੀ ਸੀ। ਫਿਰ ਦਿਨ ਖ਼ਤਮ ਹੋਣ ਤੋਂ ਠੀਕ ਪਹਿਲਾਂ ਲਵਪ੍ਰੀਤ ਸਿੰਘ ਨੇ ਵੇਟਲਿਫਟਿੰਗ ਵਿੱਚ ਸਿਲਵਰ ਮੈਡਲ ਜਿੱਤ ਕੇ ਰਾਹਤ ਦਿਵਾਈ। ਇਸ ਤੋਂ ਬਾਅਦ ਦਿਨ ਦੇ ਲਗਭਗ ਆਖ਼ਰੀ ਈਵੈਂਟ ‘ਚ ਵੀ ਭਾਰਤ ਲਈ ਚੰਗੀ ਖ਼ਬਰ ਆਈ। ਔਰਤਾਂ ਦੇ ਡਿਸਕਸ ਥ੍ਰੋਅ ‘ਚ ਭਾਰਤ ਦੀ ਸੀਮਾ ਨੇ 58.65 ਮੀਟਰ ਦੀ ਦੂਰੀ ਤੱਕ ਡਿਸਕਸ ਸੁੱਟ ਕੇ ਬ੍ਰੌਂਜ਼ ਮੈਡਲ ਜਿੱਤਿਆ। ਦੂਜੇ ਪਾਸੇ, ਇਸੇ ਮੁਕਾਬਲੇ ਵਿੱਚ ਭਾਰਤ ਦੀ ਨਿਧੀ ਰਾਣੀ 57.10 ਮੀਟਰ ਦੀ ਦੂਰੀ ਨਾਲ ਚੌਥੇ ਸਥਾਨ ‘ਤੇ ਰਹੀ।
ਇਸ ਫਾਈਨਲ ਮੁਕਾਬਲੇ ਵਿੱਚ ਸੀਮਾ ਦਾ ਸਫ਼ਰ ਆਸਾਨ ਨਹੀਂ ਰਿਹਾ। ਖ਼ਿਤਾਬੀ ਭਿੜੰਤ ‘ਚ ਕੁੱਲ 6 ਥ੍ਰੋਅ ‘ਚੋਂ ਉਨ੍ਹਾਂ ਦੇ 4 ਯਤਨ ਫਾਊਲ ਕਰਾਰ ਦਿੱਤੇ ਗਏ। ਉਹ ਸਿਰਫ਼ 2 ਵਾਰ ਹੀ ਸਫ਼ਲ ਥ੍ਰੋਅ ਕਰਨ ‘ਚ ਕਾਮਯਾਬ ਰਹੀ। ਆਪਣੇ ਦੂਜੇ ਯਤਨ ‘ਚ 57.32 ਮੀਟਰ ਦੇ ਨਾਲ ਉਹ ਤੀਜੇ ਸਥਾਨ ‘ਤੇ ਆ ਗਈ ਸੀ। ਇਸ ਤੋਂ ਬਾਅਦ ਤੀਜੇ ਯਤਨ ‘ਚ ਉਨ੍ਹਾਂ ਨੇ ਆਪਣੇ ਪ੍ਰਦਰਸ਼ਨ ‘ਚ ਸੁਧਾਰ ਕਰਦਿਆਂ 58.65 ਮੀਟਰ ਦੀ ਦੂਰੀ ਹਾਸਲ ਕੀਤੀ। ਹਾਲਾਂਕਿ ਇਸ ਤੋਂ ਬਾਅਦ ਉਹ ਆਪਣੇ ਸਕੋਰ ‘ਚ ਹੋਰ ਸੁਧਾਰ ਨਹੀਂ ਕਰ ਸਕੀ, ਪਰ ਕੋਈ ਵੀ ਹੋਰ ਥ੍ਰੋਅਰ ਉਨ੍ਹਾਂ ਤੋਂ ਅੱਗੇ ਨਹੀਂ ਨਿਕਲ ਸਕਿਆ ਅਤੇ ਇਸ ਤਰ੍ਹਾਂ ਆਪਣੇ ਡੈਬਿਊ CWG ‘ਚ ਸੀਮਾ ਨੇ ਇਤਿਹਾਸਕ ਮੈਡਲ ਆਪਣੇ ਨਾਮ ਕਰ ਲਿਆ।

ਪ੍ਰੇਰਨਾਦਾਇਕ ਹੈ ਡਾਕਟਰ ਸੀਮਾ ਦੀ ਸੰਘਰਸ਼ ਗਾਥਾ

ਸੀਮਾ ਜਾਂ ‘ਡਾਕਟਰ ਸੀਮਾ’ ਦੀ ਇਸ ਪ੍ਰਾਪਤੀ ਪਿੱਛੇ ਉਨ੍ਹਾਂ ਦੀ ਅਣਥੱਕ ਮਿਹਨਤ ਦੇ ਨਾਲ-ਨਾਲ ਉਨ੍ਹਾਂ ਦੇ ਪਤੀ ਰਵਿੰਦਰ ਦਾ ਵੀ ਵੱਡਾ ਯੋਗਦਾਨ ਹੈ, ਜੋ ਪਤੀ ਹੋਣ ਦੇ ਨਾਲ-ਨਾਲ ਸੀਮਾ ਦੇ ਕੋਚ ਦੀ ਭੂਮਿਕਾ ਵੀ ਨਿਭਾ ਰਹੇ ਹਨ। ‘ਸਪੋਰਟਸਟਾਰ’ ਦੀ ਇੱਕ ਰਿਪੋਰਟ ਅਨੁਸਾਰ, ਹਰਿਆਣਾ ਦੇ ਭਿਵਾਨੀ ਨਾਲ ਸਬੰਧਤ ਸੀਮਾ ਅਤੇ ਰਵਿੰਦਰ ਦੀ ਪਹਿਲੀ ਮੁਲਾਕਾਤ ਡਿਸਕਸ ਥ੍ਰੋਅ ਦੀ ਖੇਡ ਰਾਹੀਂ ਹੀ ਹੋਈ ਸੀ, ਕਿਉਂਕਿ ਰਵਿੰਦਰ ਆਪ ਵੀ ਇਸ ਖੇਡ ‘ਚ ਸਰਗਰਮ ਸਨ। ਉਹ ਜੂਨੀਅਰ ਅਤੇ ਸਬ-ਜੂਨੀਅਰ ਪੱਧਰ ‘ਤੇ ਨੇਸ਼ਨਲ ਚੈਂਪੀਅਨ ਰਹਿ ਚੁੱਕੇ ਸਨ, ਪਰ ਗੰਭੀਰ ਸੱਟ ਕਾਰਨ ਉਹ ਆਪਣੇ ਖੇਡ ਕਰੀਅਰ ਨੂੰ ਅੱਗੇ ਨਹੀਂ ਵਧਾ ਸਕੇ।
ਜਦੋਂ ਸੀਮਾ ਦੀ ਮੁਲਾਕਾਤ ਰਵਿੰਦਰ ਨਾਲ ਹੋਈ, ਤਾਂ ਸੀਮਾ ਦੇ ਪਿਤਾ ਨੇ ਦੋਵਾਂ ਦੇ ਵਿਆਹ ਦਾ ਪ੍ਰਸਤਾਵ ਰੱਖਿਆ ਤਾਂ ਜੋ ਉਨ੍ਹਾਂ ਦੀ ਧੀ ਖੇਡਾਂ ਦੇ ਖੇਤਰ ‘ਚ ਆਪਣਾ ਕਰੀਅਰ ਬਣਾ ਸਕੇ। ਵਿਆਹ ਤੋਂ ਬਾਅਦ ਰਵਿੰਦਰ ਨੇ ਸੀਮਾ ਦੇ ਕਰੀਅਰ ਨੂੰ ਸੰਵਾਰਨ ‘ਚ ਸਭ ਤੋਂ ਅਹਿਮ ਭੂਮਿਕਾ ਨਿਭਾਈ। ਰਵਿੰਦਰ ਦੀ ਪ੍ਰੇਰਨਾ ਨਾਲ ਹੀ ਕੋਰੋਨਾ ਮਹਾਂਮਾਰੀ ਦੇ ਦੌਰਾਨ ਸੀਮਾ ਨੇ ਸਪੋਰਟਸ ‘ਚ PhD ਦੀ ਪੜ੍ਹਾਈ ਵੀ ਸ਼ੁਰੂ ਕੀਤੀ। ਸੱਟ ਕਾਰਨ ਜਦੋਂ ਸੀਮਾ ਮੈਦਾਨ ਤੋਂ ਦੂਰ ਸੀ, ਤਾਂ ਉਸੇ ਦੌਰਾਨ ਉਨ੍ਹਾਂ ਦੇ ਬੇਟੇ ਦਾ ਜਨਮ ਹੋਇਆ। ਪਰ ਬੱਚੇ ਦੇ ਜਨਮ ਤੋਂ ਸਿਰਫ਼ 11 ਮਹੀਨਿਆਂ ਬਾਅਦ ਹੀ ਆਪਣੇ ਸਹੁਰੇ ਪਰਿਵਾਰ ਦੇ ਸਹਿਯੋਗ ਨਾਲ ਉਨ੍ਹਾਂ ਨੇ ਦੁਬਾਰਾ ਟਰੇਨਿੰਗ ਸ਼ੁਰੂ ਕੀਤੀ ਅਤੇ ਉਸ ਤੋਂ ਬਾਅਦ ਲਗਾਤਾਰ ਸਫ਼ਲਤਾ ਦੀਆਂ ਪੌੜੀਆਂ ਚੜ੍ਹਦੇ ਹੋਏ ਅੱਜ ਇਸ ਮੁਕਾਮ ‘ਤੇ ਪਹੁੰਚੇ ਹਨ।
RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments