ਲੁਧਿਆਣਾ (ਵੀਓਪੀ ਬਿਊਰੋ) ਦੇ ਸੁਭਾਸ਼ ਨਗਰ ਅਤੇ ਸੁੰਦਰ ਨਗਰ ਇਲਾਕੇ ਵਿੱਚ ਦੇਰ ਰਾਤ ਕਰੀਬ 25 ਸਾਲਾ ਹਰਜਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਵਾਰਦਾਤ ਦੀ ਇੱਕ CCTV ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਹਮਲਾਵਰ ਫਾਇਰਿੰਗ ਕਰਦੇ ਨਜ਼ਰ ਆ ਰਹੇ ਹਨ।

ਜਾਣਕਾਰੀ ਮੁਤਾਬਕ ਹਰਜਿੰਦਰ ਆਪਣੇ ਦੋਸਤ ਦੀ ਐਕਟਿਵਾ ਵਾਪਸ ਕਰਨ ਗਿਆ ਸੀ ਅਤੇ ਬਾਅਦ ਵਿੱਚ ਇੱਕ ਕਾਰ ਰਾਹੀਂ ਵਾਪਸ ਆ ਰਿਹਾ ਸੀ। ਇਸ ਦੌਰਾਨ ਇੱਕ ਹੋਰ ਕਾਰ ਵਿੱਚ ਆਏ ਕਰੀਬ 5 ਤੋਂ 6 ਹਮਲਾਵਰਾਂ ਨੇ ਉਸ ਦੀ ਕਾਰ ਨੂੰ ਘੇਰ ਕੇ ਰੋਕ ਲਿਆ। ਹਮਲਾਵਰਾਂ ਨੇ ਹਰਜਿੰਦਰ ਅਤੇ ਉਸ ਦੇ ਸਾਥੀਆਂ ’ਤੇ ਹਮਲਾ ਕਰ ਦਿੱਤਾ। ਜਾਨ ਬਚਾਉਣ ਲਈ ਉਸ ਦੇ ਸਾਥੀ ਮੌਕੇ ਤੋਂ ਭੱਜ ਗਏ, ਜਦਕਿ ਹਰਜਿੰਦਰ ਕਾਰ ਵਿੱਚ ਹੀ ਫਸ ਗਿਆ।

ਹਮਲਾਵਰਾਂ ਨੇ ਕਾਰ ਅੰਦਰ ਉਸ ਨਾਲ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਉਸ ਨੂੰ ਪੰਜ ਗੋਲੀਆਂ ਮਾਰ ਦਿੱਤੀਆਂ। ਗੰਭੀਰ ਜ਼ਖ਼ਮੀ ਹੋਣ ਕਾਰਨ ਹਰਜਿੰਦਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਮੁਲਜ਼ਮ ਕਾਰ ਦੀ ਭੰਨਤੋੜ ਕਰਕੇ ਫਰਾਰ ਹੋ ਗਏ।






