ਮਲੇਰਕੋਟਲਾ (ਵੀਓਪੀ ਬਿਊਰੋ) ਮਲੇਰਕੋਟਲਾ ਵਿੱਚ ਕਾਂਗਰਸ ਦੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਉਸ ਵੇਲੇ ਹੰਗਾਮੇ ਵਰਗੀ ਸਥਿਤੀ ਬਣ ਗਈ, ਜਦੋਂ ਕੁਝ ਸਥਾਨਕ ਆਗੂਆਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਸਟੇਜ ’ਤੇ ਜਾਣ ਤੋਂ ਰੋਕ ਦਿੱਤਾ ਗਿਆ। ਇਸ ਤੋਂ ਨਾਰਾਜ਼ ਸਮਰਥਕਾਂ ਨੇ ਮੌਕੇ ’ਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਕੁਝ ਸਮੇਂ ਲਈ ਸਮਾਗਮ ਦਾ ਮਾਹੌਲ ਤਣਾਅਪੂਰਨ ਹੋ ਗਿਆ।

ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਵੱਲੋਂ ਮਲੇਰਕੋਟਲਾ ਵਿੱਚ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ ਸੀ। ਇਸ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸੀਨੀਅਰ ਕਾਂਗਰਸੀ ਆਗੂ ਭੁਪੇਸ਼ ਬਘੇਲ ਸਮੇਤ ਕਈ ਆਗੂ ਅਤੇ ਵਰਕਰ ਮੌਜੂਦ ਸਨ।

ਸਮਾਗਮ ਦੌਰਾਨ ਕੁਝ ਸਥਾਨਕ ਆਗੂਆਂ ਨੇ ਸਟੇਜ ’ਤੇ ਜਾਣ ਦੀ ਕੋਸ਼ਿਸ਼ ਕੀਤੀ, ਪਰ ਸੁਰੱਖਿਆ ਅਤੇ ਸਟੇਜ ’ਤੇ ਸੀਮਤ ਜਗ੍ਹਾ ਹੋਣ ਕਾਰਨ ਉਨ੍ਹਾਂ ਨੂੰ ਰੋਕ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਨੇ ਵਿਰੋਧ ਕਰਦਿਆਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਮਾਹੌਲ ਨੂੰ ਸ਼ਾਂਤ ਕਰਨ ਲਈ ਰਾਜਾ ਵੜਿੰਗ ਨੇ ਸਟੇਜ ਤੋਂ ਹੀ ਸਮਰਥਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ। ਜਦੋਂ ਨਾਅਰੇਬਾਜ਼ੀ ਜਾਰੀ ਰਹੀ ਤਾਂ ਉਹ ਖੁਦ ਸਟੇਜ ਤੋਂ ਹੇਠਾਂ ਉਤਰ ਕੇ ਭੀੜ ਵਿੱਚ ਪਹੁੰਚੇ ਅਤੇ ਸਮਰਥਕਾਂ ਨਾਲ ਗੱਲਬਾਤ ਕਰਕੇ ਮਾਮਲਾ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ।






