Tuesday, August 18, 2026
spot_img
HomeLatest Newsਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਵੱਲੋਂ ਮਾਣਮੱਤੀ ਪ੍ਰਾਪਤੀ ਲਈ ਵਿਦਿਆਰਥਣ ਟੀਯਾ...

ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਵੱਲੋਂ ਮਾਣਮੱਤੀ ਪ੍ਰਾਪਤੀ ਲਈ ਵਿਦਿਆਰਥਣ ਟੀਯਾ ਦਾ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ (ਵਰਿੰਦਰ ਸਿੰਘ ਮਲਹੋਤਰਾ) – ਅੰਮ੍ਰਿਤਸਰ ਦੇ ‘ਸਕੂਲ ਆਫ ਐਮੀਨੈਂਸ’, ਮਾਲ ਰੋਡ ਦੀ ਹੋਣਹਾਰ ਵਿਦਿਆਰਥਣ ਟੀਯਾ ਨੇ ਆਪਣੀ ਕਾਬਲੀਅਤ ਅਤੇ ਮਿਹਨਤ ਸਦਕਾ ਪੰਜਾਬ ਦਾ ਨਾਮ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕੀਤਾ ਹੈ। ਟੀਯਾ ਦੀ ਚੋਣ ‘ਸ਼ਕਤੀ ਸੈਟ ਇੰਟਰਨੈਸ਼ਨਲ ਸਪੇਸ ਮਿਸ਼ਨ’ ਲਈ ਨੈਸ਼ਨਲ ਫਾਈਨਲਿਸਟ ਵਜੋਂ ਹੋਈ ਹੈ। ਇਹ ਮਿਸ਼ਨ ‘ਸਪੇਸ ਕਿਡਜ਼ ਇੰਡੀਆ’ ਵੱਲੋਂ ਇਸਰੋ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਦੁਨੀਆ ਦੇ 108 ਦੇਸ਼ਾਂ ਦੀਆਂ ਚੁਣੀਆਂ ਹੋਈਆਂ ਵਿਦਿਆਰਥਣਾਂ ਭਾਗ ਲੈਣਗੀਆਂ।

ਇਸ ਮਾਣਮੱਤੀ ਚੋਣ ਨਾਲ ਟੀਯਾ ਹੁਣ ਇਸ ਅੰਤਰਰਾਸ਼ਟਰੀ ਮਿਸ਼ਨ ਵਿੱਚ ਭਾਰਤ ਅਤੇ ਪੰਜਾਬ ਦੀ ਨੁਮਾਇੰਦਗੀ ਕਰੇਗੀ। ਅਗਸਤ 2026 ਵਿੱਚ ਨਵੀਂ ਦਿੱਲੀ ਵਿਖੇ ਹੋਣ ਵਾਲੀ ਵਿਸ਼ੇਸ਼ ਵਰਕਸ਼ਾਪ ਦੌਰਾਨ ਉਸ ਨੂੰ ਸੈਟੇਲਾਈਟ ਡਿਜ਼ਾਈਨਿੰਗ, ਇੰਟੀਗ੍ਰੇਸ਼ਨ ਅਤੇ ਅਸੈਂਬਲਿੰਗ ਸਬੰਧੀ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ। ਇਸ ਪ੍ਰਾਜੈਕਟ ਤਹਿਤ ਤਿਆਰ ਕੀਤਾ ਜਾਣ ਵਾਲਾ ਸੈਟੇਲਾਈਟ 11 ਅਕਤੂਬਰ ਨੂੰ ਚੰਦਰਮਾ ਦੀ ਕਕਸ਼ ਵਿੱਚ ਲਾਂਚ ਕੀਤਾ ਜਾਣਾ ਹੈ।

ਅੰਮ੍ਰਿਤਸਰ ਦੀ ਧੀ ਟੀਯਾ ਦੀ ਇਸ ਮਾਣਮੱਤੀ ਪ੍ਰਾਪਤੀ ਲਈ ਸੂਬੇ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਵੱਲੋਂ ਉਸ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਸ. ਹਰਭਜਨ ਸਿੰਘ ਈ.ਟੀ.ਓ. ਨੇ ਵਿਦਿਆਰਥਣ ਟੀਯਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਅੰਮ੍ਰਿਤਸਰ ਅਤੇ ਸਮੁੱਚੇ ਪੰਜਾਬ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੀ ਧੀ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਣ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਧੀਆਂ ਹਰ ਖੇਤਰ ਵਿੱਚ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕਰ ਰਹੀਆਂ ਹਨ ਅਤੇ ਟੀਯਾ ਦੀ ਇਹ ਪ੍ਰਾਪਤੀ ਹੋਰ ਵਿਦਿਆਰਥਣਾਂ ਲਈ ਵੀ ਪ੍ਰੇਰਣਾ ਦਾ ਸਰੋਤ ਬਣੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਵਿਗਿਆਨ, ਤਕਨਾਲੋਜੀ ਅਤੇ ਖੋਜ ਦੇ ਖੇਤਰਾਂ ਵਿੱਚ ਅੱਗੇ ਵਧਣ ਲਈ ਲੋੜੀਂਦੇ ਮੌਕੇ ਅਤੇ ਸਹੂਲਤਾਂ ਪ੍ਰਦਾਨ ਕਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ।

ਸ. ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ‘ਸਕੂਲ ਆਫ ਐਮੀਨੈਂਸ’, ਮਾਲ ਰੋਡ ਪਹਿਲਾਂ ਵੀ ਪੁਲਾੜ ਖੇਤਰ ਵਿੱਚ ਆਪਣੀ ਵਿਸ਼ੇਸ਼ ਪਛਾਣ ਬਣਾ ਚੁੱਕਾ ਹੈ। ਸਕੂਲ ਦੀਆਂ ਵਿਦਿਆਰਥਣਾਂ ਨੇ ਸਾਲ 2022 ਵਿੱਚ ਦੋ ਵੱਖ-ਵੱਖ ਸੈਟੇਲਾਈਟ ਮਿਸ਼ਨਾਂ ਲਈ ਪੇਲੋਡ ਤਿਆਰ ਕਰਕੇ ਮਹੱਤਵਪੂਰਨ ਯੋਗਦਾਨ ਪਾਇਆ ਸੀ। ਉਨ੍ਹਾਂ ਕਿਹਾ ਕਿ ਟੀਯਾ ਦੀ ਇਹ ਉਪਲਬਧੀ ਸਕੂਲ ਦੀਆਂ ਵਿਦਿਆਰਥਣਾਂ ਅਤੇ ਅਧਿਆਪਕਾਂ ਦੀ ਮਿਹਨਤ, ਸਮਰਪਣ ਅਤੇ ਵਿਗਿਆਨ ਪ੍ਰਤੀ ਰੁਚੀ ਦਾ ਪ੍ਰਤੀਕ ਹੈ।

ਲੋਕ ਨਿਰਮਾਣ ਮੰਤਰੀ ਨੇ ਵਿਦਿਆਰਥਣ ਟੀਯਾ ਦੀ ਇਸ ਸ਼ਾਨਦਾਰ ਸਫਲਤਾ ਲਈ ਉਸ ਦੇ ਮਾਪਿਆਂ, ‘ਸਕੂਲ ਆਫ ਐਮੀਨੈਂਸ’, ਮਾਲ ਰੋਡ ਦੀ ਪ੍ਰਿੰਸੀਪਲ ਮਨਦੀਪ ਕੌਰ ਅਤੇ ਕੈਮਿਸਟਰੀ ਲੈਕਚਰਾਰ ਅਤੇ ਪ੍ਰਾਜੈਕਟ ਇੰਚਾਰਜ ਕਮਲ ਕੁਮਾਰ ਨੂੰ ਵੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਟੀਯਾ ਦੀ ਇਹ ਪ੍ਰਾਪਤੀ ਅੰਮ੍ਰਿਤਸਰ ਦੇ ਨਾਲ-ਨਾਲ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ ਅਤੇ ਉਹ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇਸ਼ ਅਤੇ ਸੂਬੇ ਦਾ ਨਾਮ ਰੌਸ਼ਨ ਕਰੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments