ਜਲੰਧਰ (ਵੀਓਪੀ ਬਿਊਰੋ) ਪੰਜਾਬ ਦੇ ਨੌਜਵਾਨਾਂ ਅਤੇ ਹਰ ਉਮਰ ਵਰਗ ਦੇ ਲੋਕਾਂ ਨੂੰ ਫਿਟਨੈੱਸ, ਖੇਡਾਂ ਅਤੇ ਸਿਹਤਮੰਦ ਜੀਵਨਸ਼ੈਲੀ ਨਾਲ ਜੋੜਨ ਦੇ ਮਕਸਦ ਨਾਲ ‘ਹੱਸਦਾ, ਖੇਡਦਾ ਅਤੇ ਰੰਗਲਾ ਪੰਜਾਬ’ ਮੁਹਿੰਮ ਤਹਿਤ ਪੰਜਾਬ ਯੂਥ ਰਨ 2026 ਦਾ ਆਯੋਜਨ 23 ਅਗਸਤ, ਐਤਵਾਰ ਨੂੰ ਜਲੰਧਰ ਵਿੱਚ ਕੀਤਾ ਜਾ ਰਿਹਾ ਹੈ। ਇਹ 5 ਕਿਲੋਮੀਟਰ ਮੈਰਾਥਨ ਸਵੇਰੇ 6 ਵਜੇ ਮਾਡਲ ਟਾਊਨ ਸਥਿਤ ਸ਼ਿਵਾਨੀ ਪਾਰਕ ਤੋਂ ਸ਼ੁਰੂ ਹੋਵੇਗੀ।
ਪ੍ਰੈੱਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਪੰਜਾਬ ਯੂਥ ਵਿੰਗ ਦੇ ਸੂਬਾ ਉਪ ਪ੍ਰਧਾਨ ਬੀਰ ਦਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਯੂਥ ਰਨ ਦੀ ਸ਼ੁਰੂਆਤ ਮੋਹਾਲੀ ਤੋਂ ਕੀਤੀ ਗਈ ਸੀ, ਜਿੱਥੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਉਨ੍ਹਾਂ ਕਿਹਾ ਕਿ ਮੋਹਾਲੀ ਵਿੱਚ 5 ਸਾਲ ਦੇ ਬੱਚਿਆਂ ਤੋਂ ਲੈ ਕੇ 85 ਸਾਲ ਤੱਕ ਦੇ ਬਜ਼ੁਰਗਾਂ ਨੇ ਮੈਰਾਥਨ ਵਿੱਚ ਹਿੱਸਾ ਲੈ ਕੇ ਇਹ ਸੁਨੇਹਾ ਦਿੱਤਾ ਕਿ ਫਿਟਨੈੱਸ ਅਤੇ ਖੇਡਾਂ ਦੀ ਕੋਈ ਉਮਰ ਨਹੀਂ ਹੁੰਦੀ।

ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ‘ਰੰਗਲਾ ਪੰਜਾਬ’ ਦੇ ਸੁਪਨੇ ਨੂੰ ਅੱਗੇ ਵਧਾਉਂਦਿਆਂ ਹੁਣ ਜਲੰਧਰ ਵਿੱਚ ਇਹ ਮੈਰਾਥਨ ਕਰਵਾਈ ਜਾ ਰਹੀ ਹੈ। ਇਸ ਦੌੜ ਵਿੱਚ ਹਰ ਉਮਰ ਵਰਗ ਦੇ ਲੋਕ ਹਿੱਸਾ ਲੈ ਸਕਣਗੇ।
ਦੌੜ ਦੇ ਨਾਲ ਫਨ ਐਕਟੀਵਿਟੀਜ਼ ਵੀ
ਪੰਜਾਬ ਯੂਥ ਰਨ 2026 ਨੂੰ ਸਿਰਫ਼ ਦੌੜ ਤੱਕ ਸੀਮਤ ਨਹੀਂ ਰੱਖਿਆ ਗਿਆ। ਭਾਗ ਲੈਣ ਵਾਲਿਆਂ ਲਈ ਵੱਖ-ਵੱਖ ਫਨ ਐਕਟੀਵਿਟੀਜ਼ ਵੀ ਕਰਵਾਈਆਂ ਜਾਣਗੀਆਂ। ਇਸ ਮੌਕੇ ਕਰੀਬ 40 ਕੈਸ਼ ਪ੍ਰਾਈਜ਼ ਵੀ ਰੱਖੇ ਗਏ ਹਨ, ਜਿਸ ਨਾਲ ਭਾਗੀਦਾਰਾਂ ਦਾ ਉਤਸ਼ਾਹ ਹੋਰ ਵਧੇਗਾ।
QR ਕੋਡ ਰਾਹੀਂ ਰਜਿਸਟ੍ਰੇਸ਼ਨ
ਪੰਜਾਬ ਯੂਥ ਰਨ ਵਿੱਚ ਹਿੱਸਾ ਲੈਣ ਦੇ ਚਾਹਵਾਨ ਲੋਕ ਬੋਰਡ ’ਤੇ ਦਿੱਤੇ QR ਕੋਡ ਜਾਂ ਸਬੰਧਤ ਸੋਸ਼ਲ ਮੀਡੀਆ ਪੇਜ ’ਤੇ ਉਪਲਬਧ QR ਕੋਡ ਨੂੰ ਸਕੈਨ ਕਰਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

ਪ੍ਰੈੱਸ ਕਾਨਫਰੰਸ ਵਿੱਚ ਕਿਹਾ ਗਿਆ ਕਿ ਪੰਜਾਬ ਨੂੰ ਸਿਹਤਮੰਦ, ਸਰਗਰਮ ਅਤੇ ਖੁਸ਼ਹਾਲ ਬਣਾਉਣ ਲਈ ਨੌਜਵਾਨਾਂ ਦੇ ਨਾਲ-ਨਾਲ ਸਮਾਜ ਦੇ ਹਰ ਵਰਗ ਦੀ ਸ਼ਮੂਲੀਅਤ ਜ਼ਰੂਰੀ ਹੈ। ‘ਹੱਸਦਾ, ਖੇਡਦਾ ਅਤੇ ਰੰਗਲਾ ਪੰਜਾਬ’ ਦੀ ਸੋਚ ਨੂੰ ਜ਼ਮੀਨੀ ਪੱਧਰ ’ਤੇ ਅੱਗੇ ਵਧਾਉਣ ਲਈ ਪੰਜਾਬ ਯੂਥ ਰਨ 2026 ਨੂੰ ਇੱਕ ਅਹਿਮ ਉਪਰਾਲਾ ਦੱਸਿਆ ਗਿਆ।
ਪੰਜਾਬ ਖਾਦੀ ਐਂਡ ਵਿਲੇਜ ਇੰਡਸਟਰੀਜ਼ ਬੋਰਡ ਦੇ ਚੇਅਰਮੈਨ ਕਾਕੂ ਅਹਲੂਵਾਲੀਆ ਨੇ ਜਲੰਧਰ ਵਾਸੀਆਂ ਨੂੰ ਇਸ ਮੈਰਾਥਨ ਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਕਿਹਾ ਅਤੇ ਨੌਜਵਾਨਾਂ ਨੂੰ ਆਪਣੀ ਚੰਗੀ ਸਿਹਤ ਲਈ ਅਜਿਹੇ ਪ੍ਰੋਗਰਾਮਾਂ ‘ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਮੇਅਰ ਵਿਨੀਤ ਧੀਰ, ਹਲਕਾ ਇੰਚਾਰਜ ਨਿਤਿਨ ਕੋਹਲੀ, ਯੂਥ ਵਿੰਗ ਸ਼ਹਿਰੀ ਪ੍ਰਧਾਨ ਰੂਬਲ ਸੰਧੂ, ਦਿਹਾਤੀ ਪ੍ਰਧਾਨ ਗਗਨਦੀਪ ਸਮੇਤ ਪਾਰਟੀ ਦੇ ਹੋਰ ਅਹੁਦੇਦਾਰ ਵੀ ਮੌਜੂਦ ਸਨ।






