ਅੰਮ੍ਰਿਤਸਰ (ਵੀਓਪੀ ਬਿਊਰੋ) ਅੰਮ੍ਰਿਤਸਰ ’ਚ ਜਨਮਦਿਨ ਵਾਲੇ ਦਿਨ ਹੀ ਇੱਕ ਨੌਜਵਾਨ ’ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਅਮਿਤ (20) ਘਰ ’ਚ ਕੇਕ ਕੱਟਣ ਤੋਂ ਬਾਅਦ ਆਪਣੇ ਦੋਸਤਾਂ ਨੂੰ ਪਾਰਟੀ ਦੇਣ ਲਈ ਹੋਟਲ ਜਾ ਰਿਹਾ ਸੀ। ਉਹ ਐਕਟਿਵਾ ’ਤੇ ਸਵਾਰ ਸੀ ਅਤੇ ਉਸਦਾ ਚਚੇਰਾ ਭਰਾ ਸਾਗਰ ਵੀ ਉਸਦੇ ਨਾਲ ਸੀ। ਇਸੇ ਦੌਰਾਨ ਪਿੱਛੋਂ ਸਕੂਟੀ ’ਤੇ ਆਏ ਕੁਝ ਨੌਜਵਾਨਾਂ ਨੇ ਉਸ ’ਤੇ ਫਾਇਰਿੰਗ ਕਰ ਦਿੱਤੀ।

ਫਾਇਰਿੰਗ ਦੌਰਾਨ ਇੱਕ ਗੋਲੀ ਅਮਿਤ ਦੀ ਜਾਂਘ ’ਚ ਲੱਗੀ, ਜਿਸ ਕਾਰਨ ਉਹ ਐਕਟਿਵਾ ਤੋਂ ਹੇਠਾਂ ਡਿੱਗ ਪਿਆ। ਗੰਭੀਰ ਜ਼ਖ਼ਮੀ ਹਾਲਤ ’ਚ ਉਸਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਜਾਰੀ ਹੈ।
ਪਰਿਵਾਰਕ ਮੈਂਬਰਾਂ ਮੁਤਾਬਕ ਇਹ ਹਮਲਾ ਪੁਰਾਣੀ ਰੰਜਿਸ਼ ਕਾਰਨ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਗਲੀ ’ਚ ਰਹਿੰਦੇ ਪ੍ਰਭ ਨਾਂ ਦੇ ਨੌਜਵਾਨ ਨਾਲ ਕੁਝ ਨੌਜਵਾਨਾਂ ਨੇ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਸੀ। ਅਮਿਤ ਨੇ ਇਸਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਵਿਵਾਦ ਵਧ ਗਿਆ।

ਅਮਿਤ ਦੀ ਮਾਂ ਅਨੁ ਮੁਤਾਬਕ ਮਾਮਲਾ ਸਮਝੌਤੇ ਨਾਲ ਸ਼ਾਂਤ ਕਰਵਾ ਦਿੱਤਾ ਗਿਆ ਸੀ, ਪਰ ਰਾਤ ਨੂੰ ਅਮਿਤ ਦੇ ਬਾਹਰ ਨਿਕਲਦੇ ਹੀ ਉਸ ’ਤੇ ਹਮਲਾ ਕਰ ਦਿੱਤਾ ਗਿਆ। ਪਰਿਵਾਰ ਨੇ ਨਿਤੀਸ਼ ਅਤੇ ਰਾਜਿੰਦਰ ਉਰਫ਼ ਗੋਸ਼ਾ ਸਮੇਤ ਹੋਰ ਨੌਜਵਾਨਾਂ ’ਤੇ ਸ਼ੱਕ ਜਤਾਇਆ ਹੈ।
ਪੁਲਿਸ ਨੇ ਮੌਕੇ ਤੋਂ ਇੱਕ ਖੋਲ ਬਰਾਮਦ ਕੀਤਾ ਹੈ। ACP ਸੁਰਿੰਦਰ ਸਿੰਘ ਮੁਤਾਬਕ ਮੁੱਢਲੀ ਜਾਂਚ ’ਚ ਮਾਮਲਾ ਪੁਰਾਣੀ ਰੰਜਿਸ਼ ਨਾਲ ਜੁੜਿਆ ਸਾਹਮਣੇ ਆਇਆ ਹੈ। ਪੁਲਿਸ ਨੇ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।






