ਵੀਓਪੀ ਬਿਊਰੋ : ਬਹਾਦੁਰਗੜ੍ਹ STF ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਗੈਂਗਸਟਰ ਰੋਹਿਤ ਗੋਦਾਰਾ ਅਤੇ ਨਵੀਨ ਬਾਕਸਰ ਦੇ ਤਿੰਨ ਕਥਿਤ ਸਾਥੀਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਤਿੰਨ ਵਿਦੇਸ਼ੀ ਪਿਸਤੌਲ, 7 ਮੈਗਜ਼ੀਨ ਅਤੇ ਇੱਕ ਜ਼ਿੰਦਾ ਰੌਂਦ ਬਰਾਮਦ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਬਹਾਦੁਰਗੜ੍ਹ STF ਨੇ ਦਾਦਰੀ-ਭਿਵਾਨੀ ਰੋਡ ’ਤੇ ਲੋਹਾਰੂ ਫੀਡਰ ਨੇੜੇ ਨਾਕਾਬੰਦੀ ਦੌਰਾਨ ਇੱਕ ਬ੍ਰੇਜ਼ਾ ਗੱਡੀ ਨੂੰ ਇੰਟਰਸੈਪਟ ਕੀਤਾ। ਗੱਡੀ ਵਿੱਚ ਸਵਾਰ ਤਿੰਨ ਵਿਅਕਤੀਆਂ ਨੂੰ ਪੁਲਿਸ ਨੇ ਹਥਿਆਰਾਂ ਸਮੇਤ ਕਾਬੂ ਕਰ ਲਿਆ।ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅੰਕਿਤ ਉਰਫ਼ ਬਿੱਟੂ, ਭਵਾਨੀ ਚਰਖੀ ਅਤੇ ਰਿਤਿਕ ਵਾਸੀ ਪਿਲਾਨੀ ਵਜੋਂ ਹੋਈ ਹੈ।
ਪੁਲਿਸ ਮੁਤਾਬਕ, ਇਹ ਤਿੰਨੇ ਕਥਿਤ ਤੌਰ ’ਤੇ ਗੈਂਗਸਟਰ ਰੋਹਿਤ ਗੋਦਾਰਾ ਅਤੇ ਨਵੀਨ ਬਾਕਸਰ ਲਈ ਹਥਿਆਰਾਂ ਦੀ ਸਪਲਾਈ ਕਰਦੇ ਸਨ। ਇਸ ਤੋਂ ਇਲਾਵਾ ਗੈਂਗ ਲਈ ਨਵੇਂ ਮੈਂਬਰ ਜੋੜਨ ਦਾ ਕੰਮ ਵੀ ਕਰਨ ਦੇ ਦੋਸ਼ ਹਨ।
ਪੁਲਿਸ ਨੇ ਤਿੰਨਾਂ ਮੁਲਜ਼ਮਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਦਾਦਰੀ ਦੀ ਪ੍ਰੋਫੈਸਰ ਕਾਲੋਨੀ ਤੋਂ ਇੱਕ ਹੋਰ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਇਸ ਮੁਲਜ਼ਮ ਦੀ ਪਛਾਣ ਸਿੱਧਾਰਥ ਵਜੋਂ ਹੋਈ ਹੈ, ਜੋ ਪੇਸ਼ੇ ਤੋਂ ਵਕੀਲ ਦੱਸਿਆ ਜਾ ਰਿਹਾ ਹੈ।
ਸਿੱਧਾਰਥ ਦੇ ਕਬਜ਼ੇ ਵਿੱਚੋਂ ਗਲੌਕ ਦੀ 9 ਐੱਮਐੱਮ ਪਿਸਤੌਲ ਅਤੇ ਦੋ ਜ਼ਿੰਦਾ ਕਾਰਤੂਸ ਬਰਾਮਦ ਹੋਣ ਦੀ ਜਾਣਕਾਰੀ ਪੁਲਿਸ ਵੱਲੋਂ ਦਿੱਤੀ ਗਈ ਹੈ।ਪੁਲਿਸ ਰਿਕਾਰਡ ਮੁਤਾਬਕ ਅੰਕਿਤ ਉਰਫ਼ ਬਿੱਟੂ ਖ਼ਿਲਾਫ਼ ਪਹਿਲਾਂ ਤੋਂ 6 ਮਾਮਲੇ, ਭਵਾਨੀ ਖ਼ਿਲਾਫ਼ 9 ਅਤੇ ਰਿਤਿਕ ਖ਼ਿਲਾਫ਼ 2 ਮਾਮਲੇ ਦਰਜ ਹਨ।ਹੁਣ ਪੁਲਿਸ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਬਰਾਮਦ ਕੀਤੇ ਗਏ ਹਥਿਆਰ ਕਿੱਥੇ ਸਪਲਾਈ ਕੀਤੇ ਜਾਣੇ ਸਨ ਅਤੇ ਇਸ ਪੂਰੇ ਨੈੱਟਵਰਕ ਨਾਲ ਹੋਰ ਕੌਣ-ਕੌਣ ਜੁੜਿਆ ਹੋਇਆ ਹੈ।
ਪੁਲਿਸ ਮੁਤਾਬਕ ਵਿਦੇਸ਼ ਵਿੱਚ ਬੈਠੇ ਗੈਂਗਸਟਰ ਨਵੀਨ ਬਾਕਸਰ ਵੱਲੋਂ ਇਹ ਹਥਿਆਰ ਮੁਲਜ਼ਮਾਂ ਤੱਕ ਪਹੁੰਚਾਏ ਗਏ ਸਨ। ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।
ਪੁਲਿਸ ਵੱਲੋਂ ਚਾਰੋਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਰਿਮਾਂਡ ਦੌਰਾਨ ਹਥਿਆਰਾਂ ਦੀ ਸਪਲਾਈ ਅਤੇ ਗੈਂਗ ਦੇ ਪੂਰੇ ਨੈੱਟਵਰਕ ਬਾਰੇ ਹੋਰ ਪੁੱਛਗਿੱਛ ਕੀਤੀ ਜਾਵੇਗੀ।








