ਜੰਡਿਆਲਾ ਗੁਰੂ (ਵਰਿੰਦਰ ਸਿੰਘ ਮਲਹੋਤਰਾ) :-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਅੱਜ ਕੈਬਨਟ ਮੰਤਰੀ ਸਰਦਾਰ ਹਰਭਜਨ ਸਿੰਘ ਈਟੀਓ ਦੇ ਦਫਤਰ ਜੰਡਿਆਲਾ ਗੁਰੂ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ। ਅੱਜ ਦੇ ਇਸ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਨ ਲਈ ਸ਼੍ਰੀਮਤੀ ਹਰਗੋਬਿੰਦ ਕੌਰ ਕੌਮੀ ਪ੍ਰਧਾਨ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਆਗਣਵਾੜੀ ਵਰਕਰਾਂ ਹੈਲਪਰਾਂ ਨਾਲ ਕੀਤੇ ਵਾਅਦੇ ਤੋਂ ਭੱਜ ਰਹੀ ਹੈ।

ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਪਾਰਟੀ ਦੀ ਸਰਕਾਰ ਆਉਣ ਤੇ ਆਂਗਣਵਾੜੀ ਵਰਕਰ ਹੈਲਪਰ ਦਾ ਮਾਣ ਭੱਤਾ ਦੁਗਣਾ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ਦੀ ਸਰਕਾਰ ਆਈ ਨੂੰ ਸਾਢੇ ਚਾਰ ਸਾਲ ਦਾ ਸਮਾਂ ਹੋ ਗਿਆ ਪ੍ਰੰਤੂ ਹੁਣ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਹੈਲਪਰਾਂ ਦੀ ਮੰਗ ਤੇ ਧਿਆਨ ਹੀ ਨਹੀਂ ਦਿੱਤਾ ਜਾ ਰਿਹਾ ਉਲਟਾ ਜਦੋਂ ਤੋਂ ਇਹ ਸਰਕਾਰ ਆਈ ਹੈ ਮਾਣ ਭੱਤਾ ਦੁਗਣਾ ਕੀ ਕਰਨਾ ਸੀ ਆਂਗਣਵਾੜੀ ਵਰਕਰ ਹੈਲਪਰ ਨੂੰ ਸਮੇਂ ਤੇ ਜੋ ਮਾਣ ਭੱਤਾ ਮਿਲਦਾ ਉਹ ਵੀ ਨਹੀਂ ਦਿੱਤਾ ਜਾ ਰਿਹਾ ।

ਆਂਗਣਵਾੜੀ ਕੇਂਦਰਾਂ ਦੇ ਵਿੱਚ ਆ ਰਿਹਾ ਰਾਸ਼ਨ ਬੇਹਦ ਘਟੀਆ ਕੁਆਲਿਟੀ ਦਾ ਹੈ ਜੋ ਪ੍ਰਾਈਵੇਟ ਕੰਪਨੀਆਂ ਅਤੇ ਐਨਜੀਓ ਰਾਹੀਂ ਦਿੱਤਾ ਜਾ ਰਿਹਾ ਹੈ। ਮਾਵਾਂ ਤੇ ਬੱਚਿਆਂ ਦੀ ਸਿਹਤ ਨਾਲ ਖਲਵਾੜ ਹੋ ਰਿਹਾ ਹੈ ਅਤੇ ਇਸ ਰਾਸ਼ਨ ਵਿੱਚ ਕਰੋੜਾਂ ਰੁਪਏ ਦਾ ਸਕੈਮ ਚੱਲ ਰਿਹਾ ਹੈ । ਆਂਗਣਵਾੜੀ ਕੇਂਦਰਾਂ ਵਿੱਚੋਂ ਲੈ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਦਾਖਲ ਕੀਤੇ ਗਏ ਬੱਚੇ ਵਾਪਸ ਆਗਣਵਾੜੀਆਂ ਵਿੱਚ ਨਹੀਂ ਭੇਜੇ ਗਏ, ਉਹਨਾਂ ਨੇ ਕਿਹਾ ਕਿ ਜਥੇਬੰਦੀ ਮੰਗ ਕਰਦੀ ਹੈ ਕਿ ਬੱਚੇ ਆਗਣਵਾੜੀ ਵਿੱਚ ਵਾਪਸ ਭੇਜੇ ਜਾਣ ਅਤੇ ਆਂਗਣਵਾੜੀ ਵਰਕਰ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ਇਸੇ ਤਰ੍ਹਾਂ ਆਂਗਣਵਾੜੀ ਵਰਕਰਾਂ ਹੈਲਪਰਾਂ ਦੀ ਭਰਤੀ ਲੰਮਾ ਸਮਾਂ ਨਹੀਂ ਕੀਤੀ ਗਈ ਜੇਕਰ ਹੁਣ ਭਰਤੀ ਕੀਤੀ ਗਈ ਹੈ ਤਾਂ ਉਸ ਵਿੱਚ ਇੰਟਰਵਿਊ ਰੱਖ ਕੇ ਆਪਣੇ ਮਨਪਸੰਦ ਦੇ ਉਮੀਦਵਾਰਾਂ ਨੂੰ ਨੌਕਰੀ ਦਿੱਤੀ ਗਈ ਹੈ।
ਭਰਤੀ ਦੇ ਵਿੱਚ ਵੱਡੇ ਪੱਧਰ ਤੇ ਘਪਲਾ ਹੋਇਆ ਹੈ। ਮਾਵਾਂ ਧੀਆਂ ਸਕੀਮ ਵਿੱਚ ਆਂਗਣਵਾੜੀ ਵਰਕਰਾਂ ਕੋਲੋਂ ਕੰਮ ਲੈ ਕੇ ਸਰਕਾਰ ਨੇ ਵਰਕਰ ਨੂੰ ਪ੍ਰਤੀ ਲਾਭਪਾਤਰੀ 25 ਰੁਪਏ ਦਿੱਤੇ ਹਨ ਹੈਲਪਰ ਨੂੰ ਕੁਝ ਨਹੀਂ ਦਿੱਤਾ, ਸਖੀ ਆਪਣੀ ਵਲੰਟੀਅਰ ਲਾਈ ਗਈ ਸਖੀ ਨੂੰ 300 ਰੁਪਏ ਪ੍ਰਤੀ ਫਾਰਮ ਦਿੱਤਾ ਹੈ ਜੋ ਕਿ ਸ਼ਰੇਆਮ ਆਗਣਵਾੜੀ ਵਰਕਰ ਹੈਲਪਰ ਨਾਲ ਧੱਕਾ ਹੈ ਅਤੇ ਸਰਕਾਰੀ ਪੈਸੇ ਦੀ ਆਪਣੀ ਪਾਰਟੀ ਦੇ ਬੰਦਿਆਂ ਨੂੰ ਦੇਕੇ ਦਰਵਰਤੋਂ ਕੀਤੀ ਜਾ ਰਹੀ ਹੈ






