Friday, September 18, 2026
spot_img
HomeLatest Newsਨਸ਼ਿਆਂ ਵਿਰੁੱਧ ਪੰਜਾਬ ਦੀ ਪੁਕਾਰ ਬਣਿਆ ਸ਼ੈਗੀ ਬੌਸ ਦਾ ਗੀਤ

ਨਸ਼ਿਆਂ ਵਿਰੁੱਧ ਪੰਜਾਬ ਦੀ ਪੁਕਾਰ ਬਣਿਆ ਸ਼ੈਗੀ ਬੌਸ ਦਾ ਗੀਤ

ਭਾਜਪਾ ਪੰਜਾਬ ਦੇ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਜਾਰੀ ਕੀਤਾ ‘ਮੈਂ ਪੰਜਾਬ ਬੋਲ ਰਿਹਾ’ ਦਾ ਪੋਸਟਰ

ਚੰਡੀਗੜ੍ਹ,(ਵੀਓਪੀ ਬਿਊਰੋ): ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਪੰਜਾਬੀ ਗੀਤਕਾਰ, ਗਾਇਕ ਅਤੇ ਫ਼ਿਲਮ ਮੇਕਰ ਸ਼ੈਗੀ ਬੌਸ ਵੱਲੋਂ ਤਿਆਰ ਕੀਤਾ ਗੀਤ ‘ਮੈਂ ਪੰਜਾਬ ਬੋਲ ਰਿਹਾ’ ਨਸ਼ਾ ਵਿਰੋਧੀ ਮੁਹਿੰਮ ਨਾਲ ਜੁੜੀ ਇੱਕ ਸੱਭਿਆਚਾਰਕ ਆਵਾਜ਼ ਵਜੋਂ ਸਾਹਮਣੇ ਆਇਆ ਹੈ। ਅੱਜ ਚੰਡੀਗੜ੍ਹ ਵਿਖੇ ਭਾਜਪਾ ਪੰਜਾਬ ਦੇ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਗੀਤ ਦਾ ਪੋਸਟਰ ਜਾਰੀ ਕੀਤਾ।

ਇਸ ਮੌਕੇ ਸ਼ੈਗੀ ਬੌਸ ਤੋਂ ਇਲਾਵਾ ਹੋਬੀ ਧਾਲੀਵਾਲ, ਜਤਿੰਦਰ ਸਿੰਘ ਸਰਾਂ, ਇੰਦਰ ਸੇਖੜੀ, ਰਣਜੀਤ ਸਿੰਘ ਗਿੱਲਗੋ ਅਤੇ ਪ੍ਰੋ. ਸਰਚਾਂਦ ਸਿੰਘ ਖਿਆਲਾ ਵੀ ਮੌਜੂਦ ਸਨ।

ਸਰਦਾਰ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ‘ਮੈਂ ਪੰਜਾਬ ਬੋਲ ਰਿਹਾ’ ਸਿਰਫ਼ ਇੱਕ ਗੀਤ ਨਹੀਂ, ਸਗੋਂ ਨਸ਼ਿਆਂ ਦੀ ਮਾਰ ਝੱਲ ਰਹੇ ਪੰਜਾਬ ਦੇ ਦਰਦ ਅਤੇ ਜਵਾਨੀ ਨੂੰ ਬਚਾਉਣ ਦੀ ਪੁਕਾਰ ਹੈ। ਉਨ੍ਹਾਂ ਅਨੁਸਾਰ ਗੀਤ ਦਾ ਕੇਂਦਰੀ ਸੁਨੇਹਾ “ਮੇਰੀ ਜਵਾਨੀ ਨੂੰ ਬਚਾ ਲਓ, ਮੈਂ ਪੰਜਾਬ ਬੋਲ ਰਿਹਾ” ਹੈ, ਜੋ ਨਸ਼ਿਆਂ ਕਾਰਨ ਪ੍ਰਭਾਵਿਤ ਪਰਿਵਾਰਾਂ ਅਤੇ ਪਿੰਡਾਂ ਦੇ ਦਰਦ ਨੂੰ ਉਜਾਗਰ ਕਰਦਾ ਹੈ।

ਗੀਤ ਵਿੱਚ “ਮਾਵਾਂ ਹੱਥ ਆਟੇ ਰਹਿ ਗਏ”, “ਪਿੰਡਾਂ ਦੇ ਪਿੰਡ ਹੋ ਗਏ ਸੁੰਨੇ” ਅਤੇ “ਗੱਭਰੂ ਛੱਡ ਕੇ ਧੀਆਂ ਮਾਵਾਂ ਰੋਂਦੀਆਂ” ਵਰਗੀਆਂ ਸਤਰਾਂ ਰਾਹੀਂ ਨਸ਼ਿਆਂ ਦੇ ਸਮਾਜਕ ਅਤੇ ਪਰਿਵਾਰਕ ਪ੍ਰਭਾਵਾਂ ਨੂੰ ਦਰਸਾਇਆ ਗਿਆ ਹੈ। ਇਸ ਦੇ ਨਾਲ ਮਹਾਰਾਜਾ ਰਣਜੀਤ ਸਿੰਘ, ਜਨਰਲ ਹਰੀ ਸਿੰਘ ਨਲੂਆ, ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਭਗਤ ਸਿੰਘ ਦਾ ਜ਼ਿਕਰ ਕਰਕੇ ਪੰਜਾਬ ਦੀ ਇਤਿਹਾਸਕ ਵਿਰਾਸਤ ਨੂੰ ਅੱਜ ਦੀ ਜਵਾਨੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ।

ਢਿੱਲੋਂ ਨੇ ਕਿਹਾ ਕਿ ਪੰਜਾਬ ਦੀ ਪਛਾਣ ਨਸ਼ਿਆਂ ਨਾਲ ਨਹੀਂ, ਸਗੋਂ ਹਿੰਮਤ, ਮਿਹਨਤ, ਕਿਰਦਾਰ ਅਤੇ ਕੁਰਬਾਨੀ ਨਾਲ ਬਣੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਪੰਜਾਬ ਲਈ ਯਤਨ ਸਿਰਫ਼ ਨਸ਼ਾ ਤਸਕਰੀ ਵਿਰੁੱਧ ਕਾਰਵਾਈ ਤੱਕ ਸੀਮਿਤ ਨਹੀਂ ਹੋਣੇ ਚਾਹੀਦੇ, ਸਗੋਂ ਪਰਿਵਾਰ, ਸਿੱਖਿਆ, ਰੋਜ਼ਗਾਰ, ਸਮਾਜ ਅਤੇ ਨੌਜਵਾਨਾਂ ਦੇ ਭਵਿੱਖ ਨਾਲ ਵੀ ਜੁੜੇ ਹੋਣੇ ਚਾਹੀਦੇ ਹਨ।

ਉਨ੍ਹਾਂ ਕਿਹਾ ਕਿ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਸਮਾਜ ਦੇ ਹਰ ਵਰਗ ਦੀ ਭਾਗੀਦਾਰੀ ਨਾਲ ਜਨ-ਜਾਗਰੂਕਤਾ ਦਾ ਮਾਧਿਅਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ੈਗੀ ਬੌਸ ਵੱਲੋਂ ਇਸ ਮੁਹਿੰਮ ਨਾਲ ਜੁੜਨਾ ਸੰਗੀਤ ਅਤੇ ਸੱਭਿਆਚਾਰ ਰਾਹੀਂ ਨੌਜਵਾਨਾਂ ਤੱਕ ਸੁਨੇਹਾ ਪਹੁੰਚਾਉਣ ਦਾ ਇੱਕ ਯਤਨ ਹੈ।

ਢਿੱਲੋਂ ਨੇ ਕਿਹਾ, “ਸਾਡਾ ਸੰਕਲਪ ਹੈ ਕਿ ਪੰਜਾਬ ਦੀ ਜਵਾਨੀ ਨੂੰ ਨਸ਼ੇ ਨਹੀਂ, ਮੌਕੇ ਮਿਲਣ ਅਤੇ ਪੰਜਾਬ ਵਿੱਚ ਆਪਣਾ ਭਵਿੱਖ ਬਣਾਉਣ ਦਾ ਵਿਸ਼ਵਾਸ ਮਿਲੇ।”

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments