ਜੰਡਿਆਲਾ ਗੁਰੂ (ਵਰਿੰਦਰ ਸਿੰਘ ਮਲਹੋਤਰਾ) :-ਮਾਨਾਂਵਾਲਾ-ਤਰਨਤਾਰਨ ਬਾਈਪਾਸ ’ਤੇ ਇੱਕ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ ਵਾਪਰਿਆ ਜਿੱਥੇ ਇੱਕ ਸਕੌਰਪੀਓ ਗੱਡੀ ਅਤੇ ਲੁੱਕ ਨਾਲ ਭਰੇ ਟਿੱਪਰ ਦੀ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਖ਼ਤਰਨਾਕ ਸੀ ਕਿ ਦੋਵਾਂ ਵਾਹਨਾਂ ਨੂੰ ਮੌਕੇ ’ਤੇ ਹੀ ਭਿਆਨਕ ਅੱਗ ਲੱਗ ਗਈ।
ਇਸ ਹਾਦਸੇ ਵਿੱਚ ਸਕੌਰਪੀਓ ਸਵਾਰ ਨੌਜਵਾਨ ਕਾਰ ਦੇ ਅੰਦਰ ਹੀ ਬੁਰੀ ਤਰ੍ਹਾਂ ਫਸ ਗਿਆ ਅਤੇ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਉਸਦੀ ਜਿਊਂਦੇ ਸੜ ਜਾਣ ਨਾਲ ਦਰਦਨਾਕ ਮੌਤ ਹੋ ਗਈ।

ਮ੍ਰਿਤਕ ਦੀ ਪਛਾਣ ਕਰੀਬ 25 ਸਾਲਾ ਨੌਜਵਾਨ ਗੁਰਵਿੰਦਰ ਸਿੰਘ ਵਜੋਂ ਹੋਈ ਹੈ ਜੋ ਕਿ ਗੋਇੰਦਵਾਲ ਸਾਹਿਬ ਦਾ ਵਸਨੀਕ ਸੀ। ਜਾਣਕਾਰੀ ਮੁਤਾਬਕ ਉਹ ਘਰਾਂ ਵਿੱਚ ਪੀਵੀਸੀ ਫਿਟਿੰਗ ਦਾ ਕੰਮ ਕਰਦਾ ਸੀ ਅਤੇ ਕਿਸੇ ਕੰਮ ਦੇ ਸਿਲਸਿਲੇ ਵਿੱਚ ਸਾਮਾਨ ਲੈਣ ਲਈ ਅੰਮ੍ਰਿਤਸਰ ਵੱਲ ਜਾ ਰਿਹਾ ਸੀ।
ਪੁਲਿਸ ਅਧਿਕਾਰੀ ਹਰਜੀਤ ਸਿੰਘ ਅਨੁਸਾਰ ਤਰਨਤਾਰਨ ਤੋਂ ਅੰਮ੍ਰਿਤਸਰ ਵੱਲ ਜਾ ਰਹੀ ਸਕੌਰਪੀਓ ਗੱਡੀ ਪਿੱਛੋਂ ਆ ਕੇ ਲੁੱਕ ਵਾਲੇ ਟਰੱਕ ਨਾਲ ਟਕਰਾਈ। ਹਾਦਸਾ ਵਾਪਰਦੇ ਹੀ ਟਿੱਪਰ ਵਿੱਚ ਭਰੀ ਲੁੱਕ ਅਤੇ ਗੱਡੀ ਦੇ ਪਰਖੱਚੇ ਉੱਡਣ ਕਾਰਨ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਘਟਨਾ ਤੋਂ ਤੁਰੰਤ ਬਾਅਦ ਟਿੱਪਰ ਚਾਲਕ ਵਾਹਨ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ।
ਹਾਦਸਾ ਦੇਖਦਿਆਂ ਹੀ ਆਸ-ਪਾਸ ਦੇ ਢਾਬਿਆਂ ਵਾਲੇ ਅਤੇ ਸਥਾਨਕ ਰਾਹਗੀਰ ਮਦਦ ਲਈ ਦੌੜੇ। ਪੁਲਿਸ ਮੁਲਾਜ਼ਮਾਂ ਅਤੇ ਲੋਕਾਂ ਨੇ ਬਿਨਾਂ ਸਮਾਂ ਗਵਾਏ ਮੋਟਰਾਂ, ਪਾਈਪਾਂ ਅਤੇ ਕੀਟਨਾਸ਼ਕ ਸਪਰੇਅ ਵਾਲੀਆਂ ਟੈਂਕੀਆਂ ਰਾਹੀਂ ਪਾਣੀ ਪਾ ਕੇ ਅੱਗ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਹਾਲਾਂਕਿ, ਅੱਗ ਇੰਨੀ ਜ਼ਿਆਦਾ ਫੈਲ ਚੁੱਕੀ ਸੀ ਕਿ ਕਾਰ ਸਵਾਰ ਨੌਜਵਾਨ ਨੂੰ ਬਾਹਰ ਕੱਢਣਾ ਅਸੰਭਵ ਹੋ ਗਿਆ ਅਤੇ ਉਹ ਅੰਦਰ ਹੀ ਦਮ ਤੋੜ ਗਿਆ।






