ਅੰਮ੍ਰਿਤਸਰ (ਵੀਓਪੀ ਬਿਊਰੋ) ਪੰਜਾਬ ਭਾਜਪਾ ਦੇ ਬੁਲਾਰੇ ਅਤੇ ਸਿੱਖ ਚਿੰਤਕ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਅਮਰਜੀਤ ਸਿੰਘ ਚਾਵਲਾ ਮਾਮਲੇ ਨਾਲ ਸਬੰਧਿਤ ਕਥਿਤ ਵਾਇਰਲ ਆਡੀਓ ਨੂੰ ਲੈ ਕੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਤੋਂ ਕਈ ਸਵਾਲ ਪੁੱਛੇ ਹਨ। ਉਨ੍ਹਾਂ ਕਿਹਾ ਕਿ ਆਡੀਓ ਦੀ ਅਸਲੀਅਤ ਸਪਸ਼ਟ ਕਰਨ ਲਈ ਫੋਰੈਂਸਿਕ ਜਾਂਚ ਕਰਵਾਈ ਜਾਣੀ ਚਾਹੀਦੀ ਹੈ।

ਪ੍ਰੋ. ਖਿਆਲਾ ਨੇ ਕਥਿਤ ਆਡੀਓ ਵਿੱਚ ਸੁਣਾਈ ਦੇ ਰਹੇ ਵਾਕ—“ਇਹ ਮੇਰੇ ਵੱਲੋਂ ਨਹੀਂ, ਉਪਰੋਂ ਹੀ ਡਿਸਾਈਡ ਹੋ ਗਿਆ”—ਦਾ ਹਵਾਲਾ ਦਿੰਦਿਆਂ ਪੁੱਛਿਆ ਕਿ ਜੇਕਰ ਆਵਾਜ਼ ਵਲਟੋਹਾ ਦੀ ਹੋਣ ਦੀ ਫੋਰੈਂਸਿਕ ਪੁਸ਼ਟੀ ਹੁੰਦੀ ਹੈ ਤਾਂ “ਉਪਰੋਂ” ਨਾਲ ਕਿਸ ਦੀ ਮੁਰਾਦ ਹੈ। ਉਨ੍ਹਾਂ ਕਿਹਾ ਕਿ ਜੇ ਆਡੀਓ ਨਕਲੀ ਹੈ ਤਾਂ ਵਲਟੋਹਾ ਨੂੰ ਜਾਂਚ ਦੀ ਮੰਗ ਕਰਨੀ ਚਾਹੀਦੀ ਹੈ ਅਤੇ ਜੇ ਗੱਲਬਾਤ ਅਸਲੀ ਹੈ ਤਾਂ ਇਸ ਦਾ ਪੂਰਾ ਸੰਦਰਭ ਸਾਹਮਣੇ ਆਉਣਾ ਚਾਹੀਦਾ ਹੈ।
ਉਨ੍ਹਾਂ ਬਹਿਰੀਨ ਤੋਂ ਆਈ ਮਹਿਲਾ ਦੇ ਪੰਜਾਬ ਆਉਣ, ਉਸ ਦੇ ਰਹਿਣ-ਸਹਿਣ ਅਤੇ ਕਥਿਤ ਵਿੱਤੀ ਲੈਣ-ਦੇਣ ਨਾਲ ਜੁੜੇ ਮਾਮਲਿਆਂ ਦੀ ਵੀ ਜਾਂਚ ਦੀ ਮੰਗ ਕੀਤੀ। ਪ੍ਰੋ. ਖਿਆਲਾ ਨੇ ਕਿਹਾ ਕਿ ਸਰਾਂ ਦੇ ਰਜਿਸਟਰ, ਬੁਕਿੰਗ ਰਿਕਾਰਡ, ਭੁਗਤਾਨ ਵੇਰਵੇ ਅਤੇ ਸੀਸੀਟੀਵੀ ਫੁਟੇਜ ਸਮੇਤ ਸਬੰਧਤ ਦਸਤਾਵੇਜ਼ ਜਾਂਚ ਦਾ ਹਿੱਸਾ ਬਣਾਏ ਜਾਣੇ ਚਾਹੀਦੇ ਹਨ।






