ਜੰਡਿਆਲਾ ਗੁਰੂ (ਵਰਿੰਦਰ ਸਿੰਘ ਮਲਹੋਤਰਾ) ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਵੱਲੋਂ ਅਪਰਾਧਿਕ ਗਤੀਵਿਧੀਆਂ ਵਿਰੁੱਧ ਕਾਰਵਾਈ ਕਰਦਿਆਂ ਪਿੰਡ ਬੰਡਾਲਾ ਵਿੱਚ ਕਿਰਾਏ ਦੇ ਮਕਾਨ ਤੋਂ ਹਵਾਈ ਪਟਾਕੇ ਤਿਆਰ ਕਰਨ ਲਈ ਵਰਤੀ ਜਾਂਦੀ ਕਥਿਤ ਵਿਸਫੋਟਕ ਸਮੱਗਰੀ ਬਰਾਮਦ ਕਰਕੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ।
ਪੁਲਿਸ ਅਨੁਸਾਰ, ਮੌਕੇ ਤੋਂ ਲਗਭਗ 1200 ਹਵਾਈ ਪਟਾਕੇ ਤਿਆਰ ਕਰਨ ਲਈ ਵਰਤੀ ਜਾਂਦੀ ਸਮੱਗਰੀ, ਦੋ ਮਸ਼ੀਨਾਂ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਸੀਨੀਅਰ ਪੁਲਿਸ ਕਪਤਾਨ ਅੰਮ੍ਰਿਤਸਰ ਦਿਹਾਤੀ ਕੰਵਲਪ੍ਰੀਤ ਸਿੰਘ ਚਾਹਲ ਦੀਆਂ ਹਦਾਇਤਾਂ ਅਤੇ ਉਪ-ਕਪਤਾਨ ਪੁਲਿਸ ਸਬ-ਡਵੀਜ਼ਨ ਜੰਡਿਆਲਾ ਬਲਜੀਤ ਸਿੰਘ ਹੁੰਦਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਥਾਣਾ ਜੰਡਿਆਲਾ ਗੁਰੂ ਦੇ ਮੁੱਖ ਅਫ਼ਸਰ ਹਰਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ।

ਏਐੱਸਆਈ ਜਤਿੰਦਰਪਾਲ ਸਿੰਘ, ਇੰਚਾਰਜ ਪੁਲਿਸ ਚੌਕੀ ਬੰਡਾਲਾ, ਸਮੇਤ ਪੁਲਿਸ ਪਾਰਟੀ ਨੇ ਮੁਖ਼ਬਰ ਖ਼ਾਸ ਦੀ ਸੂਚਨਾ ਦੇ ਆਧਾਰ ’ਤੇ ਪਿੰਡ ਬੰਡਾਲਾ ਦੀ ਪੱਤੀ ਬਾਜ਼ ਵਿੱਚ ਸਥਿਤ ਕਿਰਾਏ ਦੇ ਮਕਾਨਾਂ ਵਿੱਚ ਛਾਪੇਮਾਰੀ ਕੀਤੀ। ਇਸ ਦੌਰਾਨ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਇਨ੍ਹਾਂ ਦੀ ਪਛਾਣ ਸ਼ਾਹਿਬ ਸਿੰਘ ਪੁੱਤਰ ਅਵਤਾਰ ਸਿੰਘ ਅਤੇ ਸ਼ਿਵਾ ਪੁੱਤਰ ਅਵਤਾਰ ਸਿੰਘ, ਦੋਵੇਂ ਵਾਸੀ ਅੰਨਗੜ੍ਹ ਗੇਟ, ਹਕੀਮਾ, ਅੰਮ੍ਰਿਤਸਰ, ਅਤੇ ਕੁਲਬੀਰ ਸਿੰਘ ਪੁੱਤਰ ਮੰਗਲ ਸਿੰਘ, ਵਾਸੀ ਮਕਾਨ ਨੰਬਰ 13, ਮਕਬੂਲਪੁਰਾ, ਅੰਮ੍ਰਿਤਸਰ ਵਜੋਂ ਹੋਈ ਹੈ।
ਪੁਲਿਸ ਅਨੁਸਾਰ, ਕਿਰਾਏ ਦੇ ਮਕਾਨ ਵਿੱਚੋਂ ਹਵਾਈ ਪਟਾਕੇ ਤਿਆਰ ਕਰਨ ਲਈ ਵਰਤੀ ਜਾਂਦੀ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ। ਬਰਾਮਦ ਸਾਮਾਨ ਵਿੱਚ 300 ਗ੍ਰਾਮ ਪੋਟਾਸ਼, 49.550 ਕਿਲੋਗ੍ਰਾਮ ਕੋਲਾ-ਛੋਰਾ, 18 ਕਿਲੋਗ੍ਰਾਮ ਪਲਾਸਟਿਕ ਪਾਈਪਾਂ ਦੇ ਖੋਲ, 13 ਕਿਲੋਗ੍ਰਾਮ ਲੋਹੇ ਦੀਆਂ ਪਾਈਪਾਂ ਦੇ ਖੋਲ ਅਤੇ ਛੇ ਕਿਲੋਗ੍ਰਾਮ ਗੋਲ ਪਲਾਸਟਿਕ ਦੇ ਖੋਲ ਸ਼ਾਮਲ ਹਨ।






