ਜਲੰਧਰ (ਵੀਓਪੀ ਬਿਊਰੋ) ਜਲੰਧਰ ਵਿੱਚ ਦੁਸਹਿਰੇ ਤੋਂ ਬਾਅਦ ਸਫ਼ਾਈ ਅਤੇ ਵਾਤਾਵਰਣ ਦੀ ਸੰਭਾਲ ਦਾ ਇੱਕ ਵਿਲੱਖਣ ਉਪਰਾਲਾ ਦੇਖਣ ਨੂੰ ਮਿਲਿਆ। ‘ਨਿਤਿਨ ਦੇ ਸਾਥੀ’ ਵੱਲੋਂ ਆਦਰਸ਼ ਨਗਰ ਪਾਰਕ ਵਿੱਚ ‘ਟਰੈਸ਼-ਏ-ਥੌਨ: ਦੁਸਹਿਰੇ ਤੋਂ ਅਗਲੀ ਸਵੇਰ’ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਨੌਜਵਾਨ ਵਲੰਟੀਅਰਾਂ ਅਤੇ ਸਥਾਨਕ ਵਸਨੀਕਾਂ ਨੇ ਹਿੱਸਾ ਲਿਆ। ਇਸ ਪਹਿਲਕਦਮੀ ਦਾ ਮਕਸਦ ਸਿਰਫ਼ ਸਫ਼ਾਈ ਕਰਨਾ ਹੀ ਨਹੀਂ, ਸਗੋਂ ਲੋਕਾਂ ਨੂੰ ਆਪਣੇ ਇਲਾਕੇ ਦੀ ਜ਼ਿੰਮੇਵਾਰੀ ਖੁਦ ਸੰਭਾਲਣ ਲਈ ਪ੍ਰੇਰਿਤ ਕਰਨਾ ਵੀ ਸੀ।

ਜਲੰਧਰ ਦੇ ਚੌਪਾਟੀ ਨੇੜੇ ਆਦਰਸ਼ ਨਗਰ ਪਾਰਕ ਵਿੱਚ ਹੋਏ ਇਸ ਉਪਰਾਲੇ ਦੌਰਾਨ ਵਲੰਟੀਅਰਾਂ ਨੇ ਜਨਤਕ ਥਾਵਾਂ ਦੀ ਸਫ਼ਾਈ ਕੀਤੀ ਅਤੇ ਪੌਦੇ ਲਗਾ ਕੇ ਵਾਤਾਵਰਣ ਦੀ ਸੰਭਾਲ ਦਾ ਸੁਨੇਹਾ ਦਿੱਤਾ। ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਹਲਕਾ ਇੰਚਾਰਜ ਨਿਤਿਨ ਕੋਹਲੀ ਦੀ ਅਗਵਾਈ ਹੇਠ ਹੋਈ ਇਸ ਪਹਿਲਕਦਮੀ ਵਿੱਚ ਸਵੇਰ ਦੀ ਸੈਰ ਕਰਨ ਆਏ ਸਥਾਨਕ ਲੋਕਾਂ ਨੇ ਵੀ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ।

ਦੁਸਹਿਰੇ ਤੋਂ ਅਗਲੀ ਸਵੇਰ ਇਸ ਮੁਹਿੰਮ ਦਾ ਆਯੋਜਨ ਕਰਕੇ ਇਹ ਸੁਨੇਹਾ ਦਿੱਤਾ ਗਿਆ ਕਿ ਤਿਉਹਾਰਾਂ ਦੀ ਖੁਸ਼ੀ ਦੇ ਨਾਲ-ਨਾਲ ਜਨਤਕ ਥਾਵਾਂ ਦੀ ਸਫ਼ਾਈ ਅਤੇ ਸਾਂਭ-ਸੰਭਾਲ ਵੀ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਸੰਬੋਧਨ ਕਰਦਿਆਂ ਨਿਤਿਨ ਕੋਹਲੀ ਨੇ ਨੌਜਵਾਨਾਂ ਅਤੇ ਸ਼ਹਿਰ ਵਾਸੀਆਂ ਨੂੰ ਦੋਸ਼ਾਰੋਪਣ ਦੀ ਰਾਜਨੀਤੀ ਤੋਂ ਬਾਹਰ ਨਿਕਲ ਕੇ ਖੁਦ ਪਹਿਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਿਰਫ਼ ਸਮੱਸਿਆਵਾਂ ਬਾਰੇ ਸ਼ਿਕਾਇਤਾਂ ਕਰਨ ਦੀ ਬਜਾਏ, ਹਰ ਨਾਗਰਿਕ ਨੂੰ ਉਨ੍ਹਾਂ ਦੇ ਹੱਲ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।






