Friday, November 6, 2026
spot_img
HomeLatest Newsਜਲੰਧਰ ਵੈਸਟ ਬਣਿਆ ਦਲ ਬਦਲੂਆਂ ਦਾ ਗੜ੍ਹ! 2027 ਦੀਆਂ ਚੋਣਾਂ ਤੋਂ ਪਹਿਲਾਂ...

ਜਲੰਧਰ ਵੈਸਟ ਬਣਿਆ ਦਲ ਬਦਲੂਆਂ ਦਾ ਗੜ੍ਹ! 2027 ਦੀਆਂ ਚੋਣਾਂ ਤੋਂ ਪਹਿਲਾਂ ਕਿਹੜਾ ਨੇਤਾ ਮਾਰੇਗਾ ਪਲਟੀ?

ਜਲੰਧਰ (ਪਰਮਜੀਤ ਸਿੰਘ ਰੰਗਪੁਰੀ) ਪੰਜਾਬ ਦੀ ਸਿਆਸਤ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੁਣ ਤੋਂ ਹੀ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ। ਚੋਣਾਂ ਨੇੜੇ ਆਉਂਦਿਆਂ ਹੀ ਜਿੱਥੇ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ ਰਣਨੀਤੀਆਂ ਤਿਆਰ ਕੀਤੀਆਂ ਜਾਂਦੀਆਂ ਹਨ, ਉੱਥੇ ਹੀ ਕਈ ਸਿਆਸੀ ਆਗੂਆਂ ਦੇ ਪਾਲਾ ਬਦਲਣ ਦੀਆਂ ਚਰਚਾਵਾਂ ਵੀ ਜ਼ੋਰ ਫੜਨ ਲੱਗਦੀਆਂ ਹਨ।

ਸਿਆਸਤ ਵਿੱਚ ਪਾਰਟੀ ਬਦਲਣਾ ਕੋਈ ਨਵੀਂ ਗੱਲ ਨਹੀਂ ਹੈ। ਹਰ ਆਗੂ ਨੂੰ ਆਪਣੀ ਸਿਆਸੀ ਸੋਚ ਅਤੇ ਭਵਿੱਖ ਦੇ ਹਿਸਾਬ ਨਾਲ ਫੈਸਲਾ ਲੈਣ ਦਾ ਅਧਿਕਾਰ ਹੈ। ਪਰ ਸਵਾਲ ਇਹ ਹੈ ਕਿ ਜਦੋਂ ਇੱਕ ਆਗੂ ਵਾਰ-ਵਾਰ ਪਾਰਟੀਆਂ ਬਦਲਦਾ ਹੈ ਤਾਂ ਕੀ ਉਸ ਦੀ ਸਿਆਸੀ ਭਰੋਸੇਯੋਗਤਾ, ਕਾਰਗੁਜ਼ਾਰੀ ਅਤੇ ਲੋਕਾਂ ਵਿੱਚ ਬਣੀ ਸਾਖ ਉੱਤੇ ਸਵਾਲ ਨਹੀਂ ਉੱਠਦੇ?

ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ, ਜਿਸ ਦੀ ਸਿਆਸਤ ਵਿੱਚ ਪਿਛਲੇ ਕੁਝ ਸਾਲਾਂ ਦੌਰਾਨ ਦਲ ਬਦਲੀ ਇੱਕ ਵੱਡਾ ਮੁੱਦਾ ਬਣ ਕੇ ਸਾਹਮਣੇ ਆਈ ਹੈ। ਇੱਥੇ ਤਿੰਨ ਅਜਿਹੇ ਵੱਡੇ ਸਿਆਸੀ ਚਿਹਰੇ ਹਨ, ਜਿਨ੍ਹਾਂ ਦੀ ਸਿਆਸੀ ਯਾਤਰਾ ਵਿੱਚ ਪਾਰਟੀਆਂ ਬਦਲਣ ਦਾ ਅਹਿਮ ਅਧਿਆਇ ਰਿਹਾ ਹੈ।

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੁਸ਼ੀਲ ਰਿੰਕੂ ਦੀ, ਸੁਸ਼ੀਲ ਰਿੰਕੂ ਨੇ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਕਾਂਗਰਸ ਪਾਰਟੀ ਤੋਂ ਕੀਤੀ। ਪਰ ਬਾਅਦ ਵਿੱਚ ਉਨ੍ਹਾਂ ਨੇ ਕਾਂਗਰਸ ਨੂੰ ਅਲਵਿਦਾ ਕਹਿੰਦਿਆਂ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਅਤੇ ਜਲੰਧਰ ਤੋਂ ਸੰਸਦ ਵੀ ਬਣੇ। ਇਸ ਤੋਂ ਬਾਅਦ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ।

ਯਾਨੀ ਇੱਕ ਸਮਾਂ ਅਜਿਹਾ ਵੀ ਰਿਹਾ ਜਦੋਂ ਉਹ ਕਾਂਗਰਸ, ਆਮ ਆਦਮੀ ਪਾਰਟੀ ਅਤੇ ਭਾਜਪਾ ਤਿੰਨਾਂ ਪਾਰਟੀਆਂ ਦਾ ਹਿੱਸਾ ਰਹਿ ਚੁੱਕੇ ਹਨ। ਹੁਣ 2027 ਦੀਆਂ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਲੈ ਕੇ ਵੀ ਸਿਆਸੀ ਚਰਚਾਵਾਂ ਚੱਲਦੀਆਂ ਰਹਿੰਦੀਆਂ ਹਨ। ਹਾਲਾਂਕਿ ਉਨ੍ਹਾਂ ਵੱਲੋਂ ਪਾਰਟੀ ਬਦਲਣ ਸਬੰਧੀ ਕਿਸੇ ਵੀ ਸੰਭਾਵਨਾ ਨੂੰ ਪੱਕੀ ਖ਼ਬਰ ਨਹੀਂ ਮੰਨਿਆ ਜਾ ਸਕਦਾ।

ਹੁਣ ਗੱਲ ਕਰਦੇ ਹਾਂ ਕੈਬਿਨੇਟ ਮੰਤਰੀ ਮਹਿੰਦਰ ਭਗਤ ਦੀ, ਮਹਿੰਦਰ ਭਗਤ ਸਵਰਗੀ ਕੈਬਨਿਟ ਮੰਤਰੀ ਚੁੰਨੀ ਲਾਲ ਭਗਤ ਦੇ ਪੁੱਤਰ ਹਨ। ਉਨ੍ਹਾਂ ਦਾ ਸਿਆਸੀ ਸਫ਼ਰ ਭਾਰਤੀ ਜਨਤਾ ਪਾਰਟੀ ਨਾਲ ਜੁੜਿਆ ਰਿਹਾ, ਪਰ ਬਾਅਦ ਵਿੱਚ ਉਨ੍ਹਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ।

ਇਸ ਤੋਂ ਬਾਅਦ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਜਿੱਤ ਕੇ ਉਹ ਵਿਧਾਇਕ ਬਣੇ ਅਤੇ ਮੌਜੂਦਾ ਸਮੇਂ ਕੈਬਨਿਟ ਮੰਤਰੀ ਵਜੋਂ ਸੇਵਾਵਾਂ ਨਿਭਾ ਰਹੇ ਹਨ। ਇੱਥੇ ਵੀ ਸਿਆਸੀ ਸਵਾਲ ਇਹੀ ਹੈ ਕਿ ਪਾਰਟੀ ਬਦਲਣ ਤੋਂ ਬਾਅਦ ਉਨ੍ਹਾਂ ਦੀ ਸਿਆਸੀ ਪਛਾਣ ਅਤੇ ਲੋਕਾਂ ਵਿੱਚ ਭਰੋਸੇ ਦਾ ਆਧਾਰ ਕਿੰਨਾ ਮਜ਼ਬੂਤ ਹੋਇਆ ਹੈ?

ਤੀਜਾ ਵੱਡਾ ਨਾਮ ਹੈ ਸ਼ੀਤਲ ਅੰਗੁਰਾਲ ਦਾ, ਸ਼ੀਤਲ ਅੰਗੁਰਾਲ ਨੇ ਆਪਣੀ ਸਿਆਸੀ ਸ਼ੁਰੂਆਤ ਭਾਜਪਾ ਨਾਲ ਕੀਤੀ ਸੀ। ਇਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਲੰਧਰ ਪੱਛਮੀ ਤੋਂ ਜਿੱਤ ਹਾਸਲ ਕਰਕੇ ਵਿਧਾਇਕ ਬਣੇ। ਪਰ ਸਿਆਸੀ ਹਾਲਾਤ ਬਦਲੇ ਅਤੇ ਉਨ੍ਹਾਂ ਨੇ ਮੁੜ ਭਾਜਪਾ ਦਾ ਰੁਖ਼ ਕਰ ਲਿਆ। ਇਸ ਤਰ੍ਹਾਂ ਉਨ੍ਹਾਂ ਦਾ ਸਿਆਸੀ ਸਫ਼ਰ ਵੀ ਪਾਰਟੀ ਬਦਲਣ ਦੀਆਂ ਮਿਸਾਲਾਂ ਵਿੱਚ ਸ਼ਾਮਲ ਹੋ ਗਿਆ।

ਹੁਣ ਜੇਕਰ ਇਨ੍ਹਾਂ ਤਿੰਨਾਂ ਸਿਆਸੀ ਚਿਹਰਿਆਂ ਦੇ ਸਫ਼ਰ ਨੂੰ ਇਕੱਠੇ ਰੱਖ ਕੇ ਦੇਖਿਆ ਜਾਵੇ ਤਾਂ ਇੱਕ ਗੱਲ ਸਾਫ਼ ਨਜ਼ਰ ਆਉਂਦੀ ਹੈ ਕਿ ਜਲੰਧਰ ਪੱਛਮੀ ਦੀ ਸਿਆਸਤ ਵਿੱਚ ਪਾਰਟੀਆਂ ਬਦਲਣ ਦਾ ਰੁਝਾਨ ਕਾਫ਼ੀ ਚਰਚਾ ਵਿੱਚ ਰਿਹਾ ਹੈ। ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕ ਇਨ੍ਹਾਂ ਆਗੂਆਂ ਨੂੰ ਉਨ੍ਹਾਂ ਦੇ ਪਾਰਟੀ ਬਦਲਣ ਦੇ ਫੈਸਲਿਆਂ ਦੇ ਆਧਾਰ ‘ਤੇ ਪਰਖਣਗੇ ਜਾਂ ਫਿਰ ਉਨ੍ਹਾਂ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਨੂੰ ਤਰਜੀਹ ਦੇਣਗੇ?

ਕਿਉਂਕਿ ਸਿਆਸਤ ਵਿੱਚ ਪਾਰਟੀ ਬਦਲਣ ਨਾਲ ਟਿਕਟ ਤਾਂ ਮਿਲ ਸਕਦੀ ਹੈ, ਪਰ ਲੋਕਾਂ ਦਾ ਭਰੋਸਾ ਹਾਸਲ ਕਰਨਾ ਇੰਨਾ ਆਸਾਨ ਨਹੀਂ ਹੁੰਦਾ। ਹੁਣ ਦੇਖਣਾ ਇਹ ਹੋਵੇਗਾ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਜਲੰਧਰ ਪੱਛਮੀ ਵਿੱਚ ਕੋਈ ਨਵੀਂ ਸਿਆਸੀ ਪਲਟੀ ਦੇਖਣ ਨੂੰ ਮਿਲਦੀ ਹੈ ਜਾਂ ਫਿਰ ਇਹ ਆਗੂ ਆਪਣੀਆਂ ਮੌਜੂਦਾ ਪਾਰਟੀਆਂ ਨਾਲ ਹੀ ਮੈਦਾਨ ਵਿੱਚ ਉਤਰਦੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments