ਜੰਡਿਆਲਾ ਗੁਰੂ (ਵਰਿੰਦਰ ਸਿੰਘ ਮਲਹੋਤਰਾ) ਮੁੱਖ ਮੰਤਰੀ ਪੰਜਾਬ ਵੱਲੋਂ ਚਲਾਈਆਂ ਜਾ ਰਹੀਆਂ ਦੋ ਵੱਡੀਆਂ ਮੁਹਿੰਮਾਂ ਯੁੱਧ ਨਸ਼ਿਆਂ ਵਿਰੁੱਧ ਤੇ ਗੈਂਗਸਟਰਾਂ ਦੇ ਵਾਰ ਤਹਿਤ ਅੱਜ ਬਾਰਡਰ ਰੇਂਜ ਦੇ ਆਈ ਜੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਪੂਰੇ ਜ਼ਿਲ੍ਹੇ ‘ਚ ਵੱਡਾ ਸਰਚ ਆਪ੍ਰੇਸ਼ਨ ਚਲਾਇਆ। ਇਸ ਆਪ੍ਰੇਸ਼ਨ ਦੀ ਅਗਵਾਈ ਖੁਦ ਐੱਸ.ਐੱਸ.ਪੀ. ਅੰਮ੍ਰਿਤਸਰ ਦਿਹਾਤੀ ਕਵਲਪ੍ਰੀਤ ਸਿੰਘ ਚਾਹਲ ਨੇ ਕੀਤੀ। ਇਸ ਦੌਰਾਨ ਵੱਖ ਵੱਖ ਇਲਾਕਿਆਂ ਦੇ ਡੀ ਐਸ ਪੀ ਅਤੇ ਐੱਸ ਐੱਚ ਉ ਤੋਂ ਇਲਾਵਾ ਡੀ.ਐੱਸ.ਪੀ. ਜੰਡਿਆਲਾ ਬਲਜੀਤ ਸਿੰਘ, ਐੱਸ.ਐੱਚ.ਓ. ਜੰਡਿਆਲਾ ਹਰਪਾਲ ਸਿੰਘ ਸਮੇਤ ਸਮੂਹ ਅਧਿਕਾਰੀ ਮੌਕੇ ‘ਤੇ ਹਾਜ਼ਰ ਸਨ।

ਜੰਡਿਆਲਾ ਗੁਰੂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਈਜੀ ਬਾਰਡਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਦਸਿਆ ਕਿ ਸਵੇਰੇ ਤੜਕੇ ਤੋਂ ਹੀ ਪੂਰੇ ਦਿਹਾਤੀ ਜ਼ਿਲ੍ਹੇ ‘ਚ ਸਰਚ ਅਪ੍ਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਸੀ । ਇਸ ਸਪੈਸ਼ਲ ਆਪ੍ਰੇਸ਼ਨ ‘ਚ 17 ਥਾਣੇ ਸ਼ਾਮਲ ਸਨ । ਜਿਸ ਵਿੱਚ 750 ਦੇ ਕਰੀਬ ਫੋਰਸ ਦੇ ਅਧਿਕਾਰੀ ਮੁਲਾਜ਼ਮ ਲਗਾਏ ਗਏ । ਗੈਂਗਸਟਰਾਂ ਦੇ ਸਾਥੀਆਂ ਤੇ ਨਸ਼ਾ ਵੇਚਣ ਵਾਲੇ ਅਤੇ ਸਪਲਾਇਰਾਂ ਦੀਆਂ ਪਹਿਲਾਂ ਤੋਂ ਤਿਆਰ ਲਿਸਟਾਂ ‘ਤੇ ਕਾਰਵਾਈ ਕੀਤੀ ਗਈ । ਜਿਨ੍ਹਾਂ ‘ਤੇ ਜ਼ਿਆਦਾ ਸ਼ੱਕ ਸੀ, ਉੱਥੇ ਸਖ਼ਤ ਤਰੀਕੇ ਨਾਲ ਰੇਡ ਕੀਤੀ ਗਈ । ਆਈ ਜੀ ਬਾਰਡਰ ਰੇਂਜ ਨੇ ਦਸਿਆ ਕਿ ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ 75 ਦੇ ਕਰੀਬ ਲੋਕ ਗ੍ਰਿਫ਼ਤਾਰ ਹੋ ਚੁੱਕੇ ਹਨ ਅਤੇ ਸ਼ਾਮ ਤੱਕ ਪੂਰਾ ਅੰਕੜਾ ਪਬਲਿਕ ਨਾਲ ਸਾਂਝਾ ਕੀਤਾ ਜਾਵੇਗਾ।






