ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਆਪਣੇ ਹੀ ਪੁਰਾਣੇ ਸਾਥੀ ਤੇ ਹੁਣ ਭਾਜਪਾ ਨੇਤਾ ਸ਼ੁਵੇਂਦੂ ਅਧਿਕਾਰੀ ਖਿਲਾਫ ਚੌਣ ਲੜੇਗੀ | ਇਸ ਲਈ ਮਮਤਾ ਬੈਨਰਜੀ ਨੇ ਨੰਦੀਗ੍ਰਾਮ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਲਈ ਆਪਣੀ ਨਾਮਜ਼ਦਗੀ ਭਰ ਦਿੱਤੀ ਹੈ । ਦੋ ਕਿਲੋਮੀਟਰ ਰੋਡ ਸ਼ੋਅ ਕਰਨ ਤੋਂ ਬਾਅਦ ਮਮਤਾ ਨੇ ਹਲਦੀਆ ਸਬ-ਡਿਵੀਜ਼ਨ ਦਫ਼ਤਰ ਵਿਚ ਆਪਣੀ ਨਾਮਜ਼ਦਗੀ ਭਰੀ । ਮਮਤਾ ਨੂੰ ਯਕੀਨ ਹੈ ਕਿ ਉਹ ਇਸ ਸੀਟ ਤੋਂ ਜਿੱਤ ਜਰੂਰ ਪ੍ਰਾਪਤ ਕਰੇਗੀ ਕਿਉਂਕਿ ਖੇਤੀ ਵਾਲੀ ਜ਼ਮੀਨ ਗ੍ਰਹਿਣ ਕਰਨ ਖ਼ਿਲਾਫ਼ ਅੰਦੋਲਨ ਚਲਾਉਣ ਵਾਲੀ ਇਸ ਧਰਤੀ ਨੇ ਉਸ ਨੂੰ ਕਦੇ ਖਾਲੀ ਹੱਥ ਨਹੀਂ ਮੋੜਿਆ । ਪੇਪਰ ਦਾਖ਼ਲ ਕਰਨ ਵੇਲੇ ਬੈਨਰਜੀ ਦੇ ਨਾਲ ਟੀਐਮਸੀ ਪ੍ਰਧਾਨ ਸੁਬਰਤਾ ਬਖ਼ਸ਼ੀ ਵੀ ਸਨ । ਕਾਗਜ਼ ਦਾਖ਼ਲ ਕਰਨ ਤੋਂ ਪਹਿਲਾਂ ਤੇ ਨਾਮਜ਼ਦਗੀ ਭਰਨ ਤੋਂ ਬਾਅਦ ਮਮਤਾ ਨੇ ਇਕ ਮੰਦਰ ਵਿਚ ਪ੍ਰਾਰਥਨਾ ਕੀਤੀ ਤੇ ਮੱਥਾ ਟੇਕਿਆ ।



ਮਮਤਾ ਬੈਨਰਜੀ ਨੇ ਕਿਹਾ ਕਿ ਉਹ ਭਵਾਨੀਪੁਰ ਸੀਟ ਤੋਂ ਵੀ ਅਸਾਨੀ ਨਾਲ ਲੜ ਸਕਦੀ ਸੀ ਪਰ ਉਸ ਨੂੰ ਭਰੋਸਾ ਹੈ ਕਿ ਨੰਦੀਗ੍ਰਾਮ ਤੋਂ ਜਿੱਤ ਮਿਲੇਗੀ । ਮੁੱਖ ਮੰਤਰੀ ਬੈਨਰਜੀ ਨੇ ਕਿਹਾ ਕਿ ਇਸ ਇਲਾਕੇ ਨੂੰ ਧਾਰਮਿਕ ਪੱਖ ਤੋਂ ਕਦੇ ਨਹੀਂ ਵੰਡਿਆ ਜਾ ਸਕਦਾ । ਜ਼ਿਕਰਯੋਗ ਹੈ ਕਿ ਸਿੰਗੂਰ-ਨੰਦੀਗ੍ਰਾਮ ਖੇਤਰ ਵਿਚ ਖੇਤੀਯੋਗ ਜ਼ਮੀਨ ਗ੍ਰਹਿਣ ਕੀਤੇ ਜਾਣ ਖ਼ਿਲਾਫ਼ ਚੱਲੇ ਅੰਦੋਲਨ ਨੇ ਹੀ ਮਮਤਾ ਬੈਨਰਜੀ ਨੂੰ 2011 ਵਿਚ ਸੱਤਾ ’ਚ ਲਿਆਂਦਾ ਸੀ ।