ਮਾਝੇ ਦੀ ਸਿਆਸਤ ਗਰਮਾਈ, ਸੁਖਬੀਰ ਬਾਦਲ ਨੇ ਖੇਮਕਰਨ ਤੋਂ ਵਿਰਸਾ ਸਿੰਘ ਵਲਟੋਹਾ ਤੇ ਕੈਰੋਂ ਪਰਿਵਾਰ ਨੇ ਸੁਖਬੀਰ ਬਾਦਲ ਦੀ ਭੈਣ ਪਰਨੀਤ ਕੌਰ ਕੈਰੋਂ ਨੂੰ ਉਮੀਦਵਾਰ ਐਲਾਨਿਆ
ਵੀਓਪੀ ਬਿਊਰੋ – ਸ਼ਿਰੋਮਣੀ ਅਕਾਲੀ ਦਲ ਬਾਦਲ ਵਲੋਂ ਵਿਧਾਨ ਸਭਾ 2022 ਦੀਆਂ ਚੋਣਾਂ ਦਾ ਬਿਗੁਲ ਵਜਾਉਂਦੇ ਹੋਏ ਸੂਬੇ ਦੀ ਕਾਂਗਰਸ ਸਰਕਾਰ ਖਿਲਾਫ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ‘ਪੰਜਾਬ ਮੰਗਦਾ ਹੈ ਜਵਾਬ’ ਤਹਿਤ ਪੰਜਾਬ ਭਰ ‘ਚ ਰੈਲੀਆਂ ਕੱਢੀਆ ਜਾ ਰਹੀਆਂ ਨੇ | ਸ਼ਿਰੋਮਣੀ ਅਕਾਲੀ ਦਲ ਬਾਦਲ ਨੇ ਇਹ ਰੈਲੀਆਂ ਦੀ ਸ਼ੁਰੂਆਤ ਤਾਂ ਕਾਂਗਰਸ ਦੇ ਖਿਲਾਫ ਕੀਤੀ ਸੀ | ਪਰ ਦੂਜੀ ਹੀ ਰੈਲੀ ‘ਚ ਪਾਰਟੀ ਦੀ ਸਿਆਸਤ ਗਰਮਾਂ ਗਈ ਹੈ |



ਜਲਾਲਾਬਾਦ ਵਿੱਚ ਹੋਈ ‘ਪੰਜਾਬ ਮੰਗਦਾ ਹੈ ਜਵਾਬ’ ਰੈਲੀ ਵਿੱਚ ਸੁਖਬੀਰ ਸਿੰਘ ਬਾਦਲ ਨੇ ਜਲਾਲਾਬਾਦ ਤੋਂ ਆਪਣੇ ਆਪ ਨੂੰ ਉਮੀਦਵਾਰ ਘੋਸ਼ਿਤ ਕੀਤਾ ਸੀ । ਉਸ ਤੋਂ ਬਾਅਦ ਹੋਈ ਰੈਲੀ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਖੇਮਕਰਨ ਤੋਂ ਵਿਰਸਾ ਸਿੰਘ ਵਲਟੋਹਾ ਨੂੰ ਉਮੀਦਵਾਰ ਘੋਸ਼ਿਤ ਕੀਤਾ । ਜਦ ਕਿ ਅਕਾਲੀ ਆਗੂ ਆਦੇਸ਼ ਪ੍ਰਤਾਪ ਕੈਰੋਂ ਨੇ ਵੀ ਆਪਣੀ ਦਾਅਵੇਦਾਰੀ ਖੇਮਕਰਨ ਤੋਂ ਠੋਕੀ ਸੀ |
ਇਸ ਸਭ ਤੋਂ ਬਾਅਦ ਹੁਣ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਸਿਆਸੀ ਸਲਾਹਕਾਰ ਗੁਰਮੁਖ ਸਿੰਘ ਦਾ ਦਾਅਵਾ ਹੈ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਪਤਨੀ ਅਤੇ ਸੁਖਬੀਰ ਸਿੰਘ ਬਾਦਲ ਦੀ ਭੈਣ ਪਰਨੀਤ ਕੌਰ ਤੋਂ ਖੇਮਕਰਨ ਵਿਧਾਨ ਸਭਾ ਹਲਕੇ ਤੋਂ ਚੋਣ ਲੜਨਗੇ । ਜਦ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਪੱਟੀ ਹਲਕੇ ਤੋਂ ਚੋਣ ਲੜਨਗੇ ।
ਗੁਰਮੁਖ ਸਿੰਘ ਨੇ ਇਹ ਵੀ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਸੇ ਮਜਬੂਰੀ ਕਾਰਨ ਖੇਮਕਰਨ ਹਲਕੇ ਤੋਂ ਵਿਰਸਾ ਸਿੰਘ ਵਲਟੋਹਾ ਨੂੰ ਉਮੀਦਵਾਰ ਐਲਾਨਿਆ ਗਿਆ ਸੀ | ਕਿਉਂਕਿ ਉਹਨਾਂ ਨੇ ਪਾਰਟੀ ਦੇ ਨੇਤਾਵਾਂ ਨੂੰ ਖੁਸ਼ ਕਰਨਾ ਹੁੰਦਾ ਹੈ ਤੇ ਉਹਨਾਂ ਕੋਲੋਂ ਕੰਮ ਵੀ ਲੈਣੇ ਹੁੰਦੇ ਨੇ | ਜਿਸ ਕਰਕੇ ਉਹਨਾਂ ਨੇ ਖੇਮਕਰਨ ਹਲਕੇ ਤੋਂ ਵਲਟੋਹਾ ਦੀ ਉਮੀਦਵਾਰੀ ਦੀ ਗੱਲ ਆਖੀ ਹੈ | ਪਰ ਕੈਰੋਂ ਪਰਿਵਾਰ ਦਾ ਇਹ ਆਖਰੀ ਫੈਸਲਾ ਹੈ ਕਿ ਬੀਬਾ ਪਰਨੀਤ ਕੌਰ ਖੇਮਕਰਨ ਹਲਕੇ ਤੋਂ ਚੋਣ ਲੜੇਗੀ ਤੇ ਉਹ ਵੀ ਸ਼ਿਰੋਮਣੀ ਅਕਾਲੀ ਦਲ ਬਾਦਲ ਵਲੋਂ | ਅੰਤ ‘ਚ ਉਹਨਾਂ ਨੇ ਕਿਹਾ ਕਿ ਉਹ ਅੱਜ ਜੋ ਬਿਆਨ ਦੇ ਰਹੇ ਨੇ ਉਹ ਸਭ ਕੈਰੋਂ ਪਰਿਵਾਰ ਦੇ ਵਲੋਂ ਹੀ ਕੀਤੀਆਂ ਨੇ |
ਸੁਖਬੀਰ ਸਿੰਘ ਬਾਦਲ ਦੇ ਵਲੋਂ ਵਿਰਸਾ ਸਿੰਘ ਵਲਟੋਹਾ ਨੂੰ ਖੇਮਕਰਨ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਆਦੇਸ਼ ਪਰਤਾਪ ਸਿੰਘ ਕੈਰੋਂ ਦੇ ਸਿਆਸੀ ਸਲਾਹਕਾਰ ਗੁਰਮੁਖ ਸਿੰਘ ਦੇ ਖੇਮਕਰਨ ਤੋਂ ਬੀਬਾ ਪਰਨੀਤ ਕੌਰ ਕੈਰੋਂ ਦੇ ਨਾਮ ਦਾ ਐਲਾਨ ਕਰਨਾ ਆਉਣ ਵਾਲੇ ਸਮੇਂ ‘ਚ ਸ਼ਿਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਕੀ ਭੂਚਾਲ ਲੈ ਕੇ ਆਉਂਦਾ ਹੈ ਇਹ ਦੇਖਣਾ ਦਿਲਚਸਪ ਹੋਏਗਾ |