ਚਰਚਿਤ ਅਫ਼ਸਰ ਕੁੰਵਰ ਵਿਜੇ ਪ੍ਰਤਾਪ ਨੂੰ ਮਿਲਿਆ ਗੋਲਡ ਮੈਡਲ !
ਅੰਮ੍ਰਿਤਸਰ (ਵੀਪੀਓ ਬਿਉਰੋ) – ਪੰਜਾਬ ਦੇ ਚਰਚਿਤ ਅਫਸਰ ਤੇ ਕੋਟਕਪੂਰਾ ਗੋਲੀਕਾਂਡ ਅਤੇ ਬੇਅਦਬੀ ਮਾਮਲੇ ਦੀ ਜਾਂਚ ਲਈ ਬਣਾਈ ਗਈ SIT ਦੇ ਮੈਂਬਰ ਰਹੇ ਸਾਬਕਾ ਆਈ.ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਅੱਜ ਹਰਿਮੰਦਰ ਸਾਹਿਬ ਦੇ ਬਾਹਰ ਗੋਲਡ ਮੈਡਲ ਨਾਲ ਸਨਮਾਨ ਕੀਤਾ। ਹਰਿਆਣਾ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਵੱਲੋਂ ਕੁੰਵਰ ਨੂੰ ਗੋਲਡ ਮੈਡਲ ਪਾ ਕੇ ਸਨਮਾਨਤ ਕੀਤਾ। ਇਸ ਮੌਕੇ ਦਾਦੂਵਾਲ ਤੋਂ ਇਲਾਵਾ ਕਈ ਹੋਰ ਸਿੱਖ ਜੱਥੇਬੰਦੀਆਂ ਦੇ ਆਗੂ ਵੀ ਮੌਜੂਦ ਸਨ।
ਕੁੰਵਰ ਵਿਜੇ ਪ੍ਰਤਾਪ ਵੱਲੋਂ ਅਸਤੀਫਾ ਦੇਣ ਮਗਰੋਂ ਦਾਦੂਵਾਲ ਅਤੇ ਹੋਰ ਗਰਮ ਖਿਆਲੀ ਜੱਥੇਬੰਦੀਆਂ ਨੇ ਐਲਾਨ ਕੀਤਾ ਸੀ ਕਿ 30 ਅਪ੍ਰੈਲ ਨੂੰ ਕੁੰਵਰ ਵਿਜੇ ਪ੍ਰਤਾਪ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਅੱਜ ਸ੍ਰੀ ਹਰਿਮੰਦਰ ਸਹਿਬ ਦੇ ਮੁੱਖ ਪ੍ਰਵੇਸ਼ ਦਵਾਰ ਦੇ ਠੀਕ ਸਾਹਮਣੇ ਹੋਏ ਇਸ ਸਨਮਾਨ ਤੋਂ ਬਾਅਦ ਕੁੰਵਰ ਨੇ ਕਿਹਾ ਕਿ ਜਦੋਂ ਮੈਂ ਬੇਅਦਬੀ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ ਤਾਂ ਮੈਨੂੰ ਪਤਾ ਸੀ ਕਿ ਮੇਰੀ ਨੌਕਰੀ ਜਾ ਸਕਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰ ਸਕਦੇ ਹਨ, ਉਨ੍ਹਾਂ ਨੇ ਲੋਕਤੰਤਰ ਦੀ ਵੀ ਹੱਤਿਆ ਕੀਤੀ ਹੈ। ਮੈਨੂੰ ਆਸ ਸੀ ਕਿ ਨਿਆਂ ਪਾਲਿਕਾ ਤੋਂ ਇਨਸਾਫ ਮਿਲੇਗਾ ਪਰ ਨਹੀਂ ਮਿਲਿਆ।
ਪੰਜਾਬ ਦੀ ਤਸਵੀਰ ਬਦਲੀ ਜਾਵੇਗੀ, ਜਿਸ ਤਰਾਂ ਦਾ ਪੰਜਾਬ ਹੋਣਾ ਚਾਹੀਦਾ ਸੀ ਉਸ ਤਰ੍ਹਾਂ ਦਾ ਨਹੀਂ ਹੈ ਪਰ ਵਾਹਿਗੁਰੂ ਦੇ ਹੱਥ ਵਿੱਚ ਇਹ ਤਾਕਤ ਹੈ ਅਤੇ ਸਾਨੂੰ ਪੰਜਾਬ ਦੀ ਨੁਹਾਰ ਬਦਲਣ ਵਿੱਚ ਕਾਮਯਾਬੀ ਜ਼ਰੂਰ ਮਿਲੇਗੀ। ਕਿਸੇ ਸਿਆਸੀ ਪਾਰਟੀ ਵਿੱਚ ਸ਼ਾਮਿਲ ਹੋਣ ਦੇ ਸਵਾਲ ਤੇ ਇੱਕ ਵਾਰ ਫਿਰ ਉਨ੍ਹਾਂ ਦੁਹਰਾਇਆ ਉਹ ਪੰਜਾਬ ਦੀ ਸੇਵਾ ਕਰਦੇ ਰਹਿਣਗੇ।