ਦਿਲ ਹੋਵੇਂ ਤਾਂ ਜਾਵੇਦ ਵਰਗਾ, ਪਤਨੀ ਦੇ ਗਹਿਣੇ ਵੇਚ ਲੋਕਾਂ ਨੂੰ ਦੇ ਰਿਹਾ ਆਕਸੀਜਨ
ਭੋਪਾਲ ( ਵੀਓਪੀ ਬਿਉਰੋ ) – ਕੋਰੋਨਾ ਨਾਲ ਆਕਸੀਜਨ ਦੀ ਕਮੀ ਆ ਰਹੀ ਹੈ। ਹੁਣ ਇਸ ਸੰਕਟ ਨਾਲ ਨਜਿੱਠਣ ਲਈ ਹਰ ਵਰਗ ਦੇ ਲੋਕ ਮਦਦ ਲਈ ਅੱਗੇ ਆਉਣੇ ਸ਼ੁਰੂ ਹੋ ਗਏ ਹਨ। ਰੋਜ਼ ਹੀ 200-300 ਰੁਪਏ ਕਮਾਉਣ ਵਾਲੇ ਇੱਕ ਆਟੋ ਚਾਲਕ ਜਾਵੇਦ ਨੇ ਮਨੁੱਖਤਾ ਦੀ ਅਜਿਹੀ ਮਿਸਾਲ ਕਾਇਮ ਕੀਤੀ ਹੈ, ਜੋ ਹੁਣ ਸਿਰਫ ਰਾਜ ਵਿਚ ਹੀ ਨਹੀਂ, ਦੇਸ਼ ਵਿੱਚ ਵੀ ਇੱਕ ਮਿਸਾਲ ਬਣ ਉਭਰੀ ਹੈ। ਜਾਵੇਦ ਨੇ ਇਸ ਸੰਕਟ ਵਿੱਚ ਮਰੀਜ਼ਾਂ ਦੀ ਸਹਾਇਤਾ ਲਈ ਆਟੋ ਨੂੰ ਇੱਕ ਐਂਬੂਲੈਂਸ ਵਿੱਚ ਤਬਦੀਲ ਕਰ ਦਿੱਤਾ ਗਿਆ।
ਜਦੋਂ ਆਕਸੀਜਨ ਅਤੇ ਆਟੋ ਚਲਾਉਣ ਲਈ ਪੈਸਿਆਂ ਦੀ ਕਮੀ ਹੋਈ ਤਾਂ ਜਾਵੇਦ ਨੇ ਮਨੁੱਖਤਾ ਦੀ ਸੇਵਾ ਕਰਨ ਲਈ ਆਪਣੀ ਪਤਨੀ ਦੇ ਗਹਿਣਿਆਂ ਨੂੰ ਵੇਚ ਦਿੱਤਾ। ਔਖੀ ਘੜੀ ਵੇਲੇ ਉਸਨੇ ਆਪਣੇ ਪਰਿਵਾਰ ਬਾਰੇ ਵੀ ਚਿੰਤਾ ਨਹੀਂ ਕੀਤੀ। ਜਾਵੇਦ ਨੂੰ ਉਨ੍ਹਾਂ ਮਰੀਜ਼ਾਂ ਦੀ ਸੇਵਾ ਕਰਨੀ ਸੀ, ਜਿਨ੍ਹਾਂ ਨੂੰ ਐਂਬੂਲੈਂਸ ਨਹੀਂ ਮਿਲ ਰਹੀ ਸੀ। ਭਾਵੇਂ ਐਂਬੂਲੈਂਸ ਮਿਲ ਵੀ ਰਹੀ ਸੀ, ਪਰ ਉਸ ਨੂੰ ਲਿਜਾਉਣ ਲਈ ਪੈਸੇ ਨਹੀਂ ਸਨ।
ਗਰੀਬ ਲੋਕਾਂ ਲਈ ਭੋਪਾਲ ਦੇ ਬਾਗ਼ ਫਰਹਤਵਾਜ਼ਾ ਵਿੱਚ ਰਹਿਣ ਵਾਲਾ ਜਾਵੇਦ ਫਰਿਸ਼ਤੇ ਬਣ ਕੇ ਆਇਆ। ਜਾਵੇਦ ਨੇ ਦੱਸਿਆ ਕਿ ਉਸਨੇ ਮਰੀਜ਼ਾਂ ਦੀ ਸਹਾਇਤਾ ਲਈ ਆਪਣੇ ਆਟੋ ਨੂੰ ਐਂਬੂਲੈਂਸ ਵਿੱਚ ਤਬਦੀਲ ਕਰ ਦਿੱਤਾ ਹੈ। ਆਟੋ ਵਿਚ ਆਕਸੀਜਨ ਸਿਲੰਡਰ ਰੱਖ ਕੇ ਮਰੀਜ਼ਾਂ ਨੂੰ ਮੁਫਤ ਸਵਾਰੀ ਦੇ ਨਾਲ ਆਕਸੀਜਨ ਮੁਹੱਈਆ ਕਰਵਾ ਰਿਹਾ ਹੈ।
ਇਸ ਤੋਂ ਇਲਾਵਾ ਆਟੋ ਵਿਚ ਲਾਗ ਤੋਂ ਬਚਾਅ ਲਈ ਪਲਾਸਟਿਕ ਦੀਆਂ ਸ਼ੀਲਡਾਂ ਵੀ ਲਗਾਈਆਂ ਹਨ। ਇਸ ਦੇ ਨਾਲ ਹੀ ਸੈਨੇਟਾਈਜ਼ ਦਾ ਵੀ ਪ੍ਰਬੰਧ ਕੀਤਾ ਹੈ। ਜਾਵੇਦ ਨੇ ਆਪਣੀ ਪਤਨੀ ਦੇ ਗਹਿਣਿਆਂ ਨੂੰ ਮਰੀਜ਼ਾਂ ਨੂੰ ਮੁਫਤ ਸਵਾਰੀ ਅਤੇ ਆਕਸੀਜਨ ਦੇ ਪ੍ਰਬੰਧ ਲਈ ਵੇਚ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਮਹਾਂਮਾਰੀ ਵਿਚ ਲੋਕਾਂ ਦੀ ਮਦਦ ਕਰਨਾ ਹੀ ਸਭ ਤੋਂ ਵੱਡੀ ਮਨੁੱਖਤਾ ਹੈ।