ਭਾਰਤ ਦੀ ਆਕਸੀਜਨ ਕਿੱਲਤ ਦੂਰ ਕਰਨ ਲਈ ਭੈਣ-ਭਰਾ ਨੇ ਕੀਤਾ ਅਜਿਹਾ ਕੰਮ ਜਾਣ ਕੇ ਰਹਿ ਜਾਓਗੇ ਹੈਰਾਨ



ਅਮਰੀਕਾ(ਵੀਓਪੀ ਬਿਊਰੋ) – ਕੋਰੋਨਾ ਨੇ ਭਾਰਤ ਵਿਚ ਹਾਹਾਕਾਰ ਮਚਾਈ ਹੋਈ ਹੈ। ਪੂਰਾ ਦੇਸ਼ ਵਿਚ ਰੋਜ਼ਾਨਾ ਲੱਖਾਂ ਦੀ ਗਿਣਤੀ ਵਿਚ ਕੇਸ ਆ ਰਹੇ ਹਨ। ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਨਾਲ-ਨਾਲ ਹਿੰਦੋਸਤਾਨ ਆਕਸੀਜਨ ਦੀ ਕਿੱਲਤ ਨਾਲ ਜੂਝ ਰਿਹਾ ਹੈ।
ਹੁਣ ਤਿੰਨ ਭਾਰਤੀ-ਅਮਰੀਕੀ ਭੈਣ-ਭਰਾਵਾਂ ਨੇ ਭਾਰਤ ਵਿੱਚ ਕੋਰੋਨਾ ਮਰੀਜ਼ਾਂ ਲਈ ਲੋੜੀਂਦੀ ਮੈਡੀਕਲ ਆਕਸੀਜਨ ਭੇਜਣ ਦੇ ਉਦੇਸ਼ ਨਾਲ 2,80,000 ਡਾਲਰ ਤੋਂ ਵੱਧ ਇਕੱਠੇ ਕੀਤੇ ਹਨ। ਜੀਆ, ਕਰੀਨਾ ਅਤੇ ਅਰਮਾਨ ਗੁਪਤਾ ਜੋ ਗੈਰ-ਮੁਨਾਫਾ ਸੰਗਠਨ ‘ਲਿਟਲ ਮੇਂਟਰਜ਼’ ਦੇ ਸੰਸਥਾਪਕ ਹਨ ਨੇ ਆਪਣੇ ਸਕੂਲੀ ਦੋਸਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਨਾਲ ਇਹ ਰਕਮ ਦਿੱਲੀ ਅਤੇ ਆਸ-ਪਾਸ ਦੇ ਹਸਪਤਾਲਾਂ ਵਿੱਚ ਲੋੜਵੰਦ ਮਰੀਜ਼ਾਂ ਲਈ ਜੀਵਨ ਬਚਾਉਣ ਵਾਲੇ ਉਪਕਰਣਾਂ ਆਕਸੀਜਨ ਅਤੇ ਵੈਂਟੀਲੇਟਰਾਂ ਦਾ ਪ੍ਰਬੰਧਨ ਕਰਨ ਲਈ ਇਕੱਠੀ ਕੀਤੀ ਹੈ।
ਇਨ੍ਹਾਂ ਬੱਚਿਆਂ ਦੀ ਉਮਰ 15 ਸਾਲ ਹੈ। ਤਿੰਨਾਂ ਬੱਚਿਆਂ ਨੇ ਕਿਹਾ, “ਸਾਡੀ ਇੱਕੋ ਬੇਨਤੀ ਹੈ ਕਿ ਜਦੋਂ ਇਨ੍ਹਾਂ ਉਪਕਰਣਾਂ ਦੀ ਲੋੜ ਨਾ ਹੋਵੇ ਤਾਂ ਇਹ ਉਪਕਰਣ ਵਾਪਿਸ ਕਰ ਦਿੱਤੇ ਜਾਣ ਤਾਂ ਜੋ ਕੋਈ ਹੋਰ ਮਰੀਜ਼ ਇਨ੍ਹਾਂ ਦੀ ਵਰਤੋਂ ਕਰ ਸਕੇ।” ਉਨ੍ਹਾਂ ਨੇ ਕਿਹਾ, “ਇਹ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇੱਥੇ ਇਨ੍ਹਾਂ ਯੰਤਰਾਂ ਦੀ ਘਾਟ ਹੈ ਅਤੇ ਪ੍ਰਭਾਵਿਤ ਆਬਾਦੀ ਬਹੁਤ ਜ਼ਿਆਦਾ ਹੈ।” ਭੈਣ-ਭਰਾਵਾਂ ਨੇ ਕਿਹਾ ਕਿ ਉਹ ਲੋੜਵੰਦ ਲੋਕਾਂ ਦਾ ਡਾਟਾ ਤਿਆਰ ਕਰਨਗੇ, ਤਾਂ ਜੋ ਸਪਲਾਈ ਸਹੀ ਢੰਗ ਨਾਲ ਮੁਹੱਈਆ ਕਰਵਾਈ ਜਾ ਸਕੇ ਅਤੇ ਇਸ ਦੇ ਲਈ ਉਨ੍ਹਾਂ ਨੂੰ ਹਰ ਕਿਸੇ ਦੀ ਮਦਦ ਲੋੜ ਪਵੇਗੀ।