ਬਲਾਤਕਾਰ ਦੇ ਕੇਸ ‘ਚ ਸਜ਼ਾ ਭੁਗਤ ਰਹੇ ਬਾਪੂ ਆਸਾਰਾਮ ਨੂੰ ਹੋਇਆ ਕੋਰੋਨਾ, ਜੇਲ੍ਹ ਦੇ ਬਾਹਰ ਸ਼ਰਧਾਲੂਆਂ ਦੀ ਲੱਗੀ ਭੀੜ
ਜੋਧਪੁਰ (ਵੀਓਪੀ ਬਿਊਰੋ) – ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਦੇਸ਼ ਭਰ ਵਿਚ ਲੱਖਾਂ ਦੀ ਗਿਣਤੀ ਵਿਚ ਕੇਸ ਆ ਰਹੇ ਹਨ। ਹੁਣ ਜੇਲ੍ਹ ਵਿੱਚ ਕੈਦ ਬਾਪੂ ਆਸਾਰਾਮ ਨੂੰ ਕੋਰੋਨਾਵਾਇਸ ਹੋ ਗਿਆ ਹੈ। ਆਸਾਰਾਮ ਦੀ ਹਾਲਤ ਖ਼ਰਾਬ ਹੋਣ ਤੋਂ ਬਾਅਦ ਉਸ ਨੂੰ ਜੋਧਪੁਰ ਦੇ ਹਸਪਤਾਲ ਦੇ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਸੀ।
ਆਸਾਰਾਮ ਬਾਪੂ ਬਲਾਤਕਾਰ ਦਾ ਦੋਸ਼ੀ ਮੰਨਿਆ ਗਿਆ ਹੈ ਅਤੇ ਉਹ ਇੱਥੇ ਸਜ਼ਾ ਭੁਗਤ ਰਿਹਾ ਹੈ। ਦੱਸ ਦੇਈਏ ਕਿ ਆਸਾਰਾਮ ਦੀ ਕੋਵਿਡ ਰਿਪੋਰਟ ਬੁੱਧਵਾਰ ਸ਼ਾਮ ਨੂੰ ਪਾਜ਼ੀਟਿਵ ਆਈ। ਰਿਪੋਰਟਾਂ ਅਨੁਸਾਰ ਆਸਾਰਾਮ ਨੇ ਬੇਚੈਨੀ ਦੀ ਸ਼ਿਕਾਇਤ ਕੀਤੀ ਸੀ। ਆਸਾਰਾਮ ਬਾਪੂ ਤੋਂ ਇਲਾਵਾ ਇੱਥੋਂ ਦੇ 12 ਹੋਰ ਕੈਦੀ ਵੀ ਕੋਰੋਨਾ ਸੰਕਰਮਿਤ ਪਾਏ ਗਏ ਹਨ।
ਇਸ ਤੋਂ ਪਹਿਲਾਂ 18 ਫਰਵਰੀ ਨੂੰ ਆਸਾਰਾਮ ਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਹਾਲਾਂਕਿ, ਕੋਈ ਵੀ ਗੰਭੀਰ ਹਾਲਤ ਨਾ ਮਿਲਣ ਕਾਰਨ ਉਸਨੂੰ ਦੋ ਦਿਨਾਂ ਬਾਅਦ ਵਾਪਸ ਜੋਧਪੁਰ ਕੇਂਦਰੀ ਜੇਲ ਭੇਜ ਦਿੱਤਾ ਗਿਆ। ਇਸ ਖ਼ਬਰ ਤੋਂ ਬਾਅਦ ਆਸਾਰਾਮ ਦੇ ਵੱਡੀ ਗਿਣਤੀ ਪੈਰੋਕਾਰ ਜੇਲ ਦੇ ਬਾਹਰ ਇਕੱਠੇ ਹੋ ਗਏ ਸਨ ਅਤੇ ਪੁਲਿਸ ਨੂੰ ਉਨ੍ਹਾਂ ਨੂੰ ਉਥੋਂ ਹਟਾਉਣ ਵਿਚ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।
ਆਸੂਮਲ ਥਾਓਮਲ ਹਰਪਲਾਨੀ ਉਰਫ ਆਸਾਰਾਮ ਇੱਕ ਨਾਬਾਲਿਗ ਲੜਕੀ ਨਾਲ ਰੇਪ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਬਲਾਤਕਾਰ ਦੇ ਕੇਸ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਆਸਾਰਾਮ ਉੱਤੇ ਕਤਲ ਵਰਗੇ ਕਈ ਗੰਭੀਰ ਮਾਮਲਿਆਂ ਦਾ ਦੋਸ਼ ਹੈ। ਇਕ ਸਮਾਂ ਸੀ ਜਦੋਂ ਵੱਡੀਆਂ ਹਸਤੀਆਂ ਇਸ ਵਿਅਕਤੀ ਦੇ ਦਰਬਾਰ ਵਿਚ ਸ਼ਾਮਲ ਹੁੰਦੀਆਂ ਸਨ। ਇਸ ਦੇ ਲੱਖਾਂ ਅਨੁਯਾਈ ਹਨ ਪਰ ਆਸਾਰਾਮ ਦੇ ਮਾੜੇ ਦਿਨ 2013 ਵਿੱਚ ਬਲਾਤਕਾਰ ਦੇ ਕੇਸ ਵਿੱਚ ਫਸਣ ਤੋਂ ਬਾਅਦ ਸ਼ੁਰੂ ਹੋਏ ਸਨ।