ਸਰਕਾਰੀ ਡਾਕਟਰ ਲੱਗੇ ਅਸਤੀਫ਼ੇ ਦੇਣ, ਹੁਣ ਕੋਰੋਨਾ ਨਾਲ ਕੌਣ ਲੜੇਗਾ ਜੰਗ
ਚੰਡੀਗੜ੍ਹ (ਵੀਓਪੀ ਬਿਊਰੋ) – ਪੰਜਾਬ ਵਿਚ ਕੋਰੋਨਾ ਦੀ ਦੂਜੀ ਲਹਿਰ ਬਹੁਤ ਹੀ ਘਾਤਕ ਸਾਬਤ ਹੋ ਰਹੀ ਹੈ। ਕੋਰੋਨਾ ਨਾਲ ਲੜ ਰਹੇ ਕਈ ਡਾਕਟਰ ਪਰੇਸ਼ਾਨੀ ਕਰਕੇ ਅਸਤੀਫਾ ਦੇ ਰਹੇ ਹਨ। ਅਜਿਹੇ ‘ਚ ਬਠਿੰਡਾ ‘ਚ ਤਿੰਨ ਤੇ ਮੁਕਤਸਰ ‘ਚ ਇੱਕ ਡਾਕਟਰ ਨੇ ਅਸਤੀਫਾ ਦੇ ਦਿੱਤਾ ਹੈ। ਇਹ ਪੰਜਾਬ ਦੇ ਸਿਹਤ ਵਿਭਾਗ ਲਈ ਮਾਣ ਵਾਲੀ ਗੱਲ ਨਹੀਂ। ਬਠਿੰਡਾ ਦੇ ਸਿਵਲ ਹਸਪਤਾਲ ਦੇ ਦੋ ਐਮਡੀ ਮੈਡੀਸਨ ਡਾਕਟਰਾਂ ਸਮੇਤ ਕੁੱਲ ਤਿੰਨ ਡਾਕਟਰਾਂ ਨੇ ਇੱਕ ਹਫ਼ਤੇ ‘ਚ ਅਸਤੀਫਾ ਦੇ ਦਿੱਤਾ ਹੈ।
ਬਠਿੰਡਾ ‘ਚ ਕੋਰੋਨਾ ਦੇ ਨੋਡਲ ਅਧਿਕਾਰੀ ਡਾ. ਜਯੰਤ ਅਗਰਵਾਲ ਨੇ ਹਫ਼ਤਾ ਪਹਿਲਾਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਕਿਹਾ ਕਿ ਮੇਰੇ ‘ਤੇ ਪ੍ਰਸ਼ਾਸਨਿਕ ਦਬਾਅ ਬਣਿਆ ਹੋਇਆ ਸੀ। ਰਾਤ ਸਮੇਂ ਵੀ ਫੋਨ ਆਉਂਦੇ ਸਨ। ਮਾਨਸਿਕ ਤੌਰ ‘ਤੇ ਪੀੜਤ ਹੋ ਰਿਹਾ ਸੀ। ਪਰਿਵਾਰ ਨੂੰ ਸਮਾਂ ਵੀ ਨਹੀਂ ਦੇ ਪਾ ਰਿਹਾ ਸੀ। ਇਸ ਲਈ ਮੈਨੂੰ ਮਜਬੂਰਨ ਅਸਤੀਫਾ ਦੇਣਾ ਪਿਆ। ਉਨ੍ਹਾਂ ਕਿਹਾ ‘ਮੈਂ ਇਕ ਨਿੱਜੀ ਹਸਪਤਾਲ ਜੁਆਇਨ ਕਰ ਲਿਆ ਹੈ।’
ਉਧਰ ਮੁਕਤਸਰ ਦੇ ਸਿਵਿਲ ਹਸਪਤਾਲ ‘ਚ ਤਾਇਨਾਤ ਐਮਡੀ ਮੈਡੀਸਨ ਡਾ.ਰਾਜੀਵ ਜੈਨ ਨੇ ਕਿਹਾ ਕਿ ਬਹੁਤ ਵਿਅਸਤ ਸ਼ੈਡਿਊਲ ਕਾਰਨ ਉਨ੍ਹਾਂ ‘ਤੇ ਮਾਨਸਿਕ ਤਣਾਅ ਬਹੁਤ ਸੀ। ਡਿਊਟੀ ਦੇਣ ਲਈ ਕਦੇ ਮੁਕਤਸਰ ਤੇ ਕਦੇ ਫਰੀਦਕੋਟ ਜਾਣਾ ਪੈਂਦਾ ਸੀ। ਇਸ ਕਾਰਨ ਸਿਸਟਮ ਤੋਂ ਪ੍ਰੇਸ਼ਾਨ ਹੋ ਕੇ ਅਸਤੀਫਾ ਦੇ ਦਿੱਤਾ ਹੈ।
ਇਸ ਤੋਂ ਇਲਾਵਾ ਬਠਿੰਡਾ ਦੇ ਐਮਡੀ ਮੈਡੀਸਨ ਮਹਿਲਾ ਡਾ.ਰਮਨ ਗੋਇਲ ਤੇ ਆਈ ਸਰਜਨ ਡਾ. ਦੀਪਕ ਗੁਪਤਾ ਨੇ ਵੀ ਅਸਤੀਫਾ ਦੇ ਦਿੱਤਾ ਹੈ। ਡਾ.ਦੀਪਕ ਨੂੰ ਏਅਰਫੋਰਸ ‘ਚ ਨੌਕਰੀ ਮਿਲ ਗਈ ਹੈ। ਜਦਕਿ ਡਾ. ਰਮਨ ਗੋਇਲ ਨੇ ਕਿਹਾ ਕਿ ਉਨ੍ਹਾਂ ਨਵੰਬਰ 2020 ‘ਚ ਨੌਕਰੀ ਛੱਡਣ ਲਈ ਸਿਹਤ ਵਿਭਾਗ ਨੂੰ ਨੋਟਿਸ ਭੇਜ ਦਿੱਤਾ ਸੀ। ਬਠਿੰਡਾ ਦੇ ਸਿਵਿਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੇ ਕਿਹਾ ਕਿ ਅਜਿਹੇ ਸਮੇਂ ‘ਚ ਡਾਕਟਰਾਂ ਦਾ ਨੌਕਰੀ ਛੱਡਣਾ ਚੰਗਾ ਸੰਕੇਤ ਨਹੀਂ ਹੈ।
ਕੋਰੋਨਾ ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਮੈਡੀਕਲ ਸਟਾਫ ਦੀ ਲੋੜ ਜ਼ਿਆਦਾ ਰਹਿੰਦੀ ਹੈ ਪਰ ਅਜਿਹੇ ‘ਚ ਪਹਿਲਾਂ ਤੋਂ ਤਾਇਨਾਤ ਡਾਕਟਰ ਵੀ ਅਸਤੀਫੇ ਦੇ ਰਹੇ ਹਨ। ਜੋ ਪੰਜਾਬ ਦੇ ਸਿਹਤ ਵਿਭਾਗ ਲਈ ਚਿੰਤਾ ਵਾਲੀ ਗੱਲ ਹੈ। ਪੰਜਾਬ ਦੇ ਸਿਹਤ ਮੰਤਰੀ ਡਾ.ਬਲਬੀਰ ਸਿੰਘ ਸਿੱਧੂ ਨੇ ਅਸਤੀਫਾ ਦੇਣ ਵਾਲੇ ਡਾਕਟਰਾਂ ਨੂੰ ਅਜਿਹੇ ਕਦਮ ਨਾ ਚੁੱਕਣ ਦੀ ਗੱਲ ਆਖੀ ਹੈ।
ਉਨ੍ਹਾਂ ਕਿਹਾ ਇਹ ਭੱਜਣ ਦਾ ਸਮਾਂ ਨਹੀਂ ਹੈ ਕੋਰੋਨਾ ਵਰਗੀ ਜੰਗ ਨਾਲ ਲੜਕੇ ਉਸ ਨੂੰ ਹਰਾਉਣ ਦਾ ਵੇਲਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਜੇਕਰ ਕਿਸੇ ਡਾਕਟਰ ਨੂੰ ਕੋਈ ਪ੍ਰੇਸ਼ਾਨੀ ਹੈ ਤਾਂ ਉਹ ਮੇਰੇ ਨਾਲ ਗੱਲ ਕਰਨ ਉਸ ਦਾ ਹੱਲ ਕੀਤਾ ਜਾਵੇਗਾ। ਪਰ ਔਖੇ ਹਾਲਾਤਾਂ ‘ਚ ਮੈਦਾਨ ਛੱਡ ਕੇ ਨਾ ਭੱਜੋ।
ਪੰਜਾਬ ਚ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ। ਬੇਸ਼ੱਕ ਪੰਜਾਬ ਸਰਕਾਰ ਨੇ ਕੋਰੋਨਾ ਤੇ ਕਾਬੂ ਪਾਉਣ ਲਈ ਸਖ਼ਤ ਪਾਬੰਦੀਆਂ ਲਾਈਆਂ ਹਨ ਪਰ ਇਸ ਦੇ ਬਾਵਜੂਦ ਕੋਰੋਨਾ ਦਾ ਅੰਕੜਾ ਘਟ ਨਹੀਂ ਰਿਹਾ।