ਜਸਵੀਰ ਰਾਣਾ ਦੀਆਂ ਕਹਾਣੀਆਂ ਕਾਲਜ/ਯੂਨੀਵਰਸਿਟੀ ਸਿਲੇਬਸ ਵਿੱਚ ਸ਼ਾਮਿਲ



ਅਮਰਗੜ੍ਹ (ਗੁਰਪ੍ਰੀਤ ਡੈਨੀ) ਕਹਾਣੀਕਾਰ ਜਸਵੀਰ ਰਾਣਾ ਜਿਲਾ ਸੰਗਰੂਰ ਦੇ ਪਿੰਡ ਅਮਰਗੜ੍ਹ ਦਾ ਜੰਮਪਲ ਹੈ। ਪੰਜਾਬੀ ਕਹਾਣੀ-ਨਾਵਲ ਦੇ ਖੇਤਰ ਵਿੱਚ ਉਸਨੇ ਵਿਸ਼ੇਸ਼ ਕੰਮ ਕੀਤਾ ਹੈ। ਹੁਣ ਤੱਕ ਉਸ ਦੀਆਂ ਚਾਰ ਕਥਾ ਪੁਸਤਕਾਂ , ਇਕ ਨਾਵਲ, ਇਕ ਸ਼ਬਦ-ਚਿੱਤਰ ਸੰਗ੍ਰਹਿ, ਇਕ ਬਾਲ ਕਥਾ ਪੁਸਤਕ ਤੇ ਸੰਪਾਦਿਤ ਪੁਸਤਕ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਉਸਦੇ ਨਾਂ ਨੂੰ ਸਥਾਪਿਤ ਕਰ ਚੁੱਕੇ ਹਨ।
ਜਸਵੀਰ ਰਾਣਾ ਦੀਆਂ ਕਹਾਣੀਆਂ ਉੱਪਰ ਹੁਣ ਤੱਕ ਵੱਖ ਵੱਖ ਯੂਨੀਵਰਸਿਟੀਆਂ ਵਿੱਚ 16 ਵਿਦਿਆਰਥੀ ਐਮ ਫਿਲ ਪੱਧਰ ਦਾ ਖੋਜ ਕਾਰਜ ਕਰ ਚੁੱਕੇ ਹਨ। ਦਸ ਤੋਂ ਵੱਧ ਖੋਜਾਰਥੀ ਉਸ ਦੀਆਂ ਕਹਾਣੀਆਂ ਉੱਪਰ ਪੀ ਐਚ ਡੀ ਦਾ ਖੋਜ ਕਾਰਜ ਕਰ ਚੁੱਕੇ ਹਨ ਤੇ ਕਰ ਰਹੇ ਹਨ। ਪਿੰਡ ਤੇ ਇਲਾਕੇ ਲਈ ਇਹ ਸਭ ਤੋਂ ਵੱਡੀ ਮਾਣ ਵਾਲੀ ਗੱਲ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਉਸ ਦੀਆਂ ਕੁਝ ਕਹਾਣੀਆਂ ਤੇ ਇਕ ਪੁਸਤਕ ਨੂੰ ਵੱਖ ਵੱਖ ਯੂਨੀਵਰਸਿਟੀਆਂ ਵੱਲੋਂ ਬੀ ਏ ਅਤੇ ਐਮ ਏ ਦੇ ਸਿਲੇਬਸ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ ਲੜੀ ਵਿੱਚ ਕਹਾਣੀ ” ਚੂੜੇ ਵਾਲੀ ਬਾਂਹ” ਇਕੋ ਸਮੇਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਐਮ ਏ ਵਿੱਚ ਲਗਾਈ ਗਈ ਹੈ ਤੇ ਇਹੋ ਕਹਾਣੀ ਖਾਲਸਾ ਕਾਲਜ ਅੰਮ੍ਰਿਤਸਰ ਵੱਲੋਂ ਬੀ ਏ ਪਾਰਟ-3 ਵਿੱਚ ਲਗਾਈ ਗਈ ਹੈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ 2010 ਤੋਂ ” ਨਸਲਘਾਤ ” ਕਹਾਣੀ ਬੀ ਏ ਪਾਰਟ-2 ਵਿੱਚ ਲਗਾਈ ਹੋਈ ਹੈ ਅਤੇ ਇਸੇ ਯੂਨੀਵਰਸਿਟੀ ਵੱਲੋਂ ਐਮ ਏ ਦੇ ਸਿਲੇਬਸ ਵਿੱਚ ” ਮੈਂ ਧਰਮ ਸੰਕਟ ਵਿਚ ਹਾਂ ” ਕਹਾਣੀ ਸ਼ਾਮਿਲ ਕੀਤੀ ਗਈ ਹੈ। ਗੁਰੂ ਤੇਗ ਬਹਾਦਰ ਖਾਲਸਾ ਕਾਲਜ ਆਨੰਦਪੁਰ ਵੱਲੋਂ ਵੀ ਬੀ ਏ ਪਾਰਟ-2 ਵਿੱਚ ਕਹਾਣੀ ” ਮੋਏ ਰਿਸ਼ਤਿਆਂ ਦੀ ਕਥਾ ” ਲਗਾਈ ਗਈ ਹੈ। ਜਸਵੀਰ ਰਾਣਾ ਵੱਲੋਂ ਕਿੰਨਰਾਂ ਦੀ ਜਿੰਦਗੀ ਉੱਪਰ ਸੰਪਾਦਿਤ ਕਹਾਣੀ-ਸੰਗ੍ਰਹਿ ” ਕਿੰਨਰਾਂ ਦਾ ਵੀ ਦਿਲ ਹੁੰਦਾ ਹੈ ” ਨੂੰ ਕੁਰੂਕਸ਼ੇਤਰ ਯੂਨੀਵਰਸਿਟੀ ਵੱਲੋਂ ਬੀ ਏ ਔਨਰ ਦੇ ਸਿਲੇਬਸ ਵਿੱਚ ਸ਼ਾਮਿਲ ਕੀਤਾ ਗਿਆ ਹੈ।
ਸਰਕਾਰੀ ਪ੍ਰਾਇਮਰੀ ਸਕੂਲ ਬਨਭੌਰਾ ਵਿੱਚ ਬਤੌਰ ਅਧਿਆਪਕ ਕੰਮ ਕਰ ਰਹੇ ਜਸਵੀਰ ਰਾਣਾ ਦੀ ਕਥਾ ਯਾਤਰਾ ਜਾਰੀ ਹੈ। ਇਹਨਾਂ ਦਿਨਾਂ ਵਿੱਚ ਉਸਦੀ ਨਵੀਂ ਕਥਾ ਪੁਸਤਕ ” ਉਰਫ ਰੋਸ਼ੀ ਜੱਲਾਦ ” ਛਪ ਕੇ ਆਈ ਹੈ ।