ਮੋਦੀ ਦੀ ਲੰਮੀ ਉਮਰ ਲਈ ਅਰਦਾਸ ਕਰਨ ਵਾਲਾ ਗ੍ਰੰਥੀ ਅਹੁਦੇ ਤੋਂ ਹਟਾਇਆ

ਮੋਦੀ ਦੀ ਲੰਮੀ ਉਮਰ ਲਈ ਅਰਦਾਸ ਕਰਨ ਵਾਲਾ ਗ੍ਰੰਥੀ ਅਹੁਦੇ ਤੋਂ ਹਟਾਇਆ

ਬਠਿੰਡਾ(ਵੀਓਪੀ ਬਿਊਰੋ) – ਭਾਜਪਾ ਐੱਸਸੀ ਮੋਰਚੇ ਵੱਲੋਂ ਡਾ. ਅੰਬੇਡਕਰ ਨਗਰ ਸਥਿਤ ਗੁਰੂ ਰਵਿਦਾਸ ਜੀ ਗੁਰਦੁਆਰਾ ਸਾਹਿਬ ਵਿਚ 22 ਮਈ ਨੂੰ ਦਲਿਤ ਭਾਈਚਾਰੇ ਨਾਲ ਸਬੰਧਤ ਪੰਜਾਬ ਵਿਚ ਮੁੱਖ ਮੰਤਰੀ ਬਣਨ ਅਤੇ ਮੋਦੀ ਦੀ ਲੰਮੀ ਉਮਰ ਲਈ ਕਰਵਾਈ ਗਈ ਅਰਦਾਸ ਤੋਂ ਬਾਅਦ ਮਾਮਲਾ ਭਖ਼ ਗਿਆ ਹੈ। ਹੁਣ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਰਦਾਸ ਕਰਨ ਵਾਲੇ ਗ੍ਰੰਥੀ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ।

ਇਸ ਸਬੰਧ ਵਿਚ ਗ੍ਰੰਥੀ ਹਰਪਾਲ ਸਿੰਘ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਗੁਰੂ ਘਰ ਵਿਚ ਕੋਈ ਵੀ ਵਿਅਕਤੀ ਅਰਦਾਸ ਕਰਵਾ ਸਕਦਾ ਹੈ। ਗੁਰੂ ਘਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰਿਆਂ ਲਈ ਇਕ ਬਰਾਬਰ ਹਨ। ਲੰਘੇ ਹਫ਼ਤੇ ਉਨ੍ਹਾਂ ਕੋਲ ਕੁਝ ਵਿਅਕਤੀ ਅਰਦਾਸ ਕਰਵਾਉਣ ਪਹੁੰਚੇ ਸਨ। ਉਨ੍ਹਾਂ ਨੇ ਉਸਨੂੰ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਐੱਸਸੀ ਵਰਗ ’ਤੇ ਅੱਤਿਆਚਾਰ ਹੁੰਦਾ ਰਿਹਾ ਹੈ ਅਤੇ ਐੱਸਸੀ ਵਰਗ ਦੇ ਹੱਕਾਂ ਦੀ ਆਵਾਜ਼ ਕੋਈ ਸਰਕਾਰ ਨਹੀਂ ਸੁਣ ਰਹੀ ਹੈ। ਜੇਕਰ ਭਵਿੱਖ ਵਿਚ ਅਨੁਸੂਚਿਤ ਜਾਤੀ ਨਾਲ ਸਬੰਧਤ ਮੁੱਖ ਮੰਤਰੀ ਬਣਦਾ ਹੈ ਤਾਂ ਇਸ ਨਾਲ ਐੱਸਸੀ ਵਰਗ ਦਾ ਕਲਿਆਣ ਹੋ ਸਕਦਾ ਹੈ। ਇਸ ਸਬੰਧੀ ਗੁਰੂ ਘਰ ਵਿਚ ਅਰਦਾਸ ਕਰ ਦਿਓ। ਉਸਨੇ ਇਨ੍ਹਾਂ ਵਿਅਕਤੀਆਂ ਦੀ ਅਪੀਲ ’ਤੇ ਗੁਰਦੁਆਰਾ ਸਾਹਿਬ ਵਿਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਅਰਦਾਸ ਕੀਤੀ।

ਗ੍ਰੰਥੀ ਹਰਪਾਲ ਸਿੰਘ ਨੇ ਕਿਹਾ ਕਿ ਉਸਨੇ ਤਾਂ ਸਿਰਫ਼ ਗੁਰੂ ਘਰ ਵਿਚ ਆਉਣ ਵਾਲੇ ਹਰ ਸ਼ਰਧਾਲੂ ਵਾਂਗ ਹੀ ਇਹ ਅਰਦਾਸ ਕੀਤੀ ਸੀ। ਉਸਨੂੰ ਬਿਲਕੁਲ ਅਹਿਸਾਸ ਨਹੀਂ ਸੀ ਕਿ ਇਸ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇਗੀ ਜਾਂ ਇਸ ਅਰਦਾਸ ਨਾਲ ਕਿਸੇ ਨੂੰ ਕੋਈ ਇਤਰਾਜ਼ ਹੋਵੇਗਾ। ਜੇਕਰ ਇਸ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਗੁਰੂ ਗ੍ਰੰਥ ਸਾਹਿਬ ਤੋਂ ਆਪਣੀ ਭੁੱਲ ਬਖ਼ਸ਼ਾਉਣਾ ਚਾਹੁੰਦੇ ਹਨ। ਉਹ ਪਿਛਲੇ ਦਸ ਸਾਲ ਤੋਂ ਗੁਰਦੁਆਰਾ ਸਾਹਿਬ ਦੀ ਸੇਵਾ ਕਰ ਰਹੇ ਹਨ।

ਉੱਧਰ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰੋਸ਼ਨ ਸਿੰਘ ਤੇ ਹੋਰਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਦਾ ਪਤਾ ਵਾਇਰਲ ਵੀਡੀਓ ਰਾਹੀਂ ਹੀ ਲੱਗਾ। ਗ੍ਰੰਥੀ ਹਰਪਾਲ ਸਿੰਘ ਨੇ ਗੁਰੂ ਘਰ ਆਏ ਸ਼ਰਧਾਲੂਆਂ ਦੇ ਕਹਿਣ ’ਤੇ ਹੀ ਅਰਦਾਸ ਕੀਤੀ ਸੀ, ਜਿਸ ਵਿਚ ਉਸ ਦੀ ਕੋਈ ਸਿਆਸੀ ਮਨਸ਼ਾ ਨਹੀਂ ਸੀ। ਮਾਮਲਾ ਤੂਲ ਫੜਨ ਤੋਂ ਬਾਅਦ ਕਮੇਟੀ ਨੇ ਉਨ੍ਹਾਂ ਦੀ ਜਗ੍ਹਾ ਨਵੇਂ ਗ੍ਰੰਥੀ ਨੂੰ ਤਾਇਨਾਤ ਕਰਨ ਦਾ ਫ਼ੈਸਲਾ ਲਿਆ ਹੈ।

error: Content is protected !!