ਪੰਜਾਬ ਸਰਕਾਰ ਵਲੋਂ ਵੇਚੀ ਕੋਵੈਕਸਿਨ ‘ਚੋਂ ਮੁਹਾਲੀ ਦੇ ਇਸ ਹਸਪਤਾਲ ਨੇ ਖਰੀਦੀਆਂ 30,000 ਖੁਰਾਕਾਂ
ਚੰਡੀਗੜ੍ਹ (ਵੀਓਪੀ ਬਿਊਰੋ) – ਪਿਛਲੇ ਕਈ ਦਿਨਾਂ ਤੋਂ ਪੰਜਾਬ ਸਰਕਾਰ ਵਲੋਂ ਪ੍ਰਾਈਵੇਟ ਹਸਪਤਾਲਾਂ ਨੂੰ ਕੋਵੈਕਸਿਨ ਦੇ ਵੇਚਣ ਦਾ ਮੁੱਦਾ ਭਖਿਆ ਹੋਇਆ ਹੈ। ਸਰਕਾਰ ਵਲੋਂ 42,000 ਖੁਰਾਕਾਂ ਵੇਚੀਆਂ ਗਈਆਂ ਸਨ। ਮੁਹਾਲੀ ਦੇ ਇਕ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਨੇ 42,000 ਵਿਚੋਂ 30,000 ਖੁਰਾਕਾਂ ਖਰੀਦ ਲਈਆਂ ਹਨ।
ਸੂਤਰਾਂ ਨੇ ਦੱਸਿਆ ਹੈ ਕਿ ਹੋਰਨਾਂ 39 ਸੰਸਥਾਵਾਂ ਨੇ 100 ਤੋਂ ਲੈ ਕੇ 1000 ਟੀਕਿਆਂ ਤਕ ਦੀ ਖਰੀਦਦਾਰੀ ਕੀਤੀ ਹੈ। ਉਦਾਹਰਣ ਦੇ ਲਈ, ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਨੇ ਲੁਧਿਆਣਾ ਵਿੱਚ ਤਕਰੀਬਨ 1000 ਟੀਕੇ ਖਰੀਦੇ ਹਨ ।
ਮੈਕਸ ਹੈਲਥਕੇਅਰ ਅਤੇ ਫੋਰਟਿਸ ਉਨ੍ਹਾਂ 9 ਕਾਰਪੋਰੇਟ ਹਸਪਤਾਲ ਸਮੂਹਾਂ ਵਿੱਚੋਂ ਹਨ ਜਿਨ੍ਹਾਂ ਨੇ ਨਿੱਜੀ ਹਸਪਤਾਲਾਂ ਲਈ ਟੀਕਾ ਕੋਟੇ ਦਾ 50 ਪ੍ਰਤੀਸ਼ਤ ਖਰੀਦਿਆ ਹੈ। ਮੈਕਸ ਛੇ ਸ਼ਹਿਰਾਂ ਵਿਚ 12.97 ਲੱਖ ਖੁਰਾਕਾਂ ਦੇ ਨਾਲ ਸੂਚੀ ਵਿਚ ਦੂਜੇ ਨੰਬਰ ‘ਤੇ ਹੈ ।
ਇੰਡਿਯਨ ਐਕਸਪ੍ਰੈਸ ਦੀ ਖ਼ਬਰ ਮੁਤਾਬਿਕ ਸੂਬਾ ਸਰਕਾਰ ਦੇ ਕੋਵਾ ਐਪ ‘ਤੇ ਸ਼ੁੱਕਰਵਾਰ ਤੱਕ ਅਪਲੋਡ ਕੀਤੀ ਗਈ ਖਰੀਦ ਦੇ ਹਸਪਤਾਲਾਂ ਦੀ ਸੂਚੀ ਸਰਕਾਰ ਵੱਲੋਂ ਟੀਕਿਆਂ ਦੀ ਵਿਕਰੀ ਨਾਲ ਜੁੜੇ ਆਪਣੇ ਪਹਿਲੇ ਹੁਕਮਾਂ ਨੂੰ ਵਾਪਸ ਲੈਣ ਤੋਂ ਬਾਅਦ ਹਟਾ ਦਿੱਤੀ ਗਈ ਹੈ।
ਮੈਕਸ ਹਸਪਤਾਲ ਦੇ ਬੁਲਾਰੇ ਮੁਨੀਸ਼ ਓਝਾ ਨੇ ਕਿਹਾ ਕਿ ਉਨ੍ਹਾਂ ਨੇ ਇਹ ਟੀਕੇ ਵਾਪਸ ਲੈਣ ਦੇ ਆਦੇਸ਼ ਤੋਂ ਬਾਅਦ ਸਰਕਾਰ ਨੂੰ ਵਾਪਸ ਕਰ ਦਿੱਤੇ ਸਨ। “ਅਸੀਂ ਟੀਕੇ ਵਾਪਸ ਕਰ ਦਿੱਤੇ ਹਨ। ਬੱਸ ਇਹੀ ਕਹਿ ਸਕਦਾ ਹਾਂ। ”
ਪਤਾ ਲੱਗਿਆ ਹੈ ਕਿ ਟੀਕਿਆਂ ਦੀ ਵਿਕਰੀ ਨਾਲ ਸਬੰਧਤ ਫਾਈਲ ਉਪਰੋਂ ਸਾਈਨ ਕੀਤੀ ਗਈ ਸੀ ਅਤੇ ਸਿਵਲ ਸਰਜਨ ਨੂੰ ਹਸਪਤਾਲਾਂ ਨਾਲ ਸੰਪਰਕ ਕਰਨ ਅਤੇ ਉਨ੍ਹਾਂ ਤੋਂ ਆਦੇਸ਼ ਲੈਣ ਲਈ ਕਿਹਾ ਗਿਆ ਸੀ।