ਵੱਡੇ ਬਾਦਲ ਨੇ ਮਾਇਆਵਤੀ ਨੂੰ ਗਠਜੋੜ ਦੀਆਂ ਦਿੱਤੀਆਂ ਵਧਾਈਆਂ
ਚੰਡੀਗੜ੍ਹ (ਵੀਓਪੀ ਬਿਊਰੋ) – ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਗਠਜੋੜ ਦਾ ਰਸਮੀ ਐਲਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਸਪਾ ਦੇ ਸੀਨੀਅਰ ਆਗੂ ਸਤੀਸ਼ ਮਿਸ਼ਰਾ ਵਲੋਂ ਚੰਡੀਗੜ੍ਹ ਸਥਿਤ ਅਕਾਲੀ ਦਲ ਦੇ ਦਫ਼ਤਰ ’ਚ ਕਰ ਦਿੱਤਾ ਗਿਆ ਹੈ।
ਗਠਜੋੜ ਹੋਣ ਦੀ ਖ਼ੁਸ਼ੀ ’ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੂੰ ਵਿਸ਼ੇਸ਼ ਤੌਰ ’ਤੇ ਫੋਨ ਕੀਤਾ ਅਤੇ ਇਸ ਗਠਜੋੜ ਦੀ ਵਧਾਈ ਦਿੱਤੀ। ਵਧਾਈ ਦਿੰਦੇ ਹੋਏ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਬਹੁਤ ਜਲਦ ਪੰਜਾਬ ਆਉਣ ਦਾ ਸੱਦਾ ਵੀ ਦਿੱਤਾ। ਇਸ ਮੌਕੇ ਮਾਇਆਵਤੀ ਨੇ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਬਾਰੇ ਵੀ ਪੁੱਛਿਆ।ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਹੁਣ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਮਿਲ ਕੇ ਲੜਨਗੇ। ਦੋਵਾਂ ਧਿਰਾਂ ਵਿਚਾਲੇ ਸਹਿਮਤੀ ਪਹਿਲਾਂ ਹੀ ਬਣ ਗਈ ਸੀ ਪਰ ਗਠਜੋੜ ਦਾ ਰਸਮੀ ਐਲਾਨ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਸਪਾ ਦੇ ਸੀਨੀਅਰ ਆਗੂ ਸਤੀਸ਼ ਮਿਸ਼ਰਾ ਵਲੋਂ ਕਰ ਦਿੱਤਾ ਗਿਆ ਹੈ।
ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀਆਂ 97 ਵਿਧਾਨ ਸਭਾ ਸੀਟਾਂ ’ਤੇ ਚੋਣਾਂ ਲੜੇਗਾ, ਜਦਕਿ ਬਸਪਾ ਪੰਜਾਬ ਦੀਆਂ 20 ਸੀਟਾਂ ’ਤੇ ਚੋਣ ਲੜੇਗੀ।ਦੱਸ ਦੇਈਏ ਕਿ ਦੋਵਾਂ ਪਾਰਟੀਆਂ ਵਿਚਾਲੇ ਸੀਟਾਂ ਦੀ ਵੰਡ ਹੋ ਗਈ ਹੈ ਅਤੇ ਇਸ ਸਮਝੌਤੇ ਅਧੀਨ ਬਸਪਾ ਦੁਆਬੇ ਦੀਆਂ 8, ਮਾਲਵੇ ਦੀਆਂ 7 ਅਤੇ ਮਾਝੇ ਦੀਆਂ 5 ਸੀਟਾਂ ’ਤੇ ਵਿਧਾਨਸਭਾ ਚੋਣਾਂ ਲੜੇਗੀ। ਬਹੁਜਨ ਸਮਾਜ ਪਾਰਟੀ ਸ੍ਰੀ ਕਰਤਾਰੁਪਰ ਸਾਹਿਬ ਜਲੰਧਰ, ਜਲੰਧਰ ਵੈਸਟ, ਜਲੰਧਰ ਨਾਰਥ, ਫਗਵਾੜਾ, ਕਪੂਰਥਲਾ, ਹੁਸ਼ਿਆਰਪੁਰ ਸ਼ਹਿਰੀ, ਟਾਂਡਾ, ਦਸੂਹਾ, ਚਮਕੌਰ ਸਾਹਿਬ, ਬੱਸੀ ਪਠਾਣਾ ਸੀਟ, ਮਹਿਲ ਕਲਾਂ, ਨਵਾਂਸ਼ਿਹਰ, ਲੁਧਿਆਣਾ ਨਾਰਥ, ਪਠਾਨਕੋਟ ਸ਼ਹਿਰੀ, ਸੁਜ਼ਾਨਪੁਰ, ਭੋਆ ਸੀਟ, ਮੋਹਾਲੀ, ਅੰਮ੍ਰਿਤਸਰ ਨਾਰਥ, ਅੰਮ੍ਰਿਤਸਰ ਸੈਂਟਰਲ ਅਤੇ ਪਾਇਲ ਸੀਟ ’ਤੇ ਚੋਣ ਮੈਦਾਨ ਵਿੱਚ ਉਤਰੇਗੀ।
? ਵਾਇਸ ਆਫ਼ ਪੰਜਾਬ ਨੂੰ ਪੰਜਾਬ ਦੇ ਹਰ ਜ਼ਿਲ੍ਹੇ ਅਤੇ ਕਸਬੇ ਵਿੱਚ ਰਿਪੋਰਟਰ ਚਾਹੀਦੇ ਹਨ । ਸੰਪਰਕ ਕਰੋ 98146-00441,98788-00441