ਜਲੰਧਰ ਦੇ ਦੋਆਬਾ ਹਸਪਤਾਲ ‘ਚ ਅਣਗਹਿਲੀਂ ਕਾਰਨ ਹੋਈ ਮੌਤ ਮਗਰੋਂ ਹੰਗਾਮਾ ਸ਼ੁਰੂ

ਜਲੰਧਰ ਦੇ ਦੋਆਬਾ ਹਸਪਤਾਲ ‘ਚ ਅਣਗਹਿਲੀਂ ਕਾਰਨ ਹੋਈ ਮੌਤ ਮਗਰੋਂ ਹੰਗਾਮਾ ਸ਼ੁਰੂ

ਜਲੰਧਰ (ਵੀਓਪੀ) – ਜ਼ਿਲ੍ਹੇ ਦੇ ਦੋਆਬਾ ਹਸਪਤਾਲ ਤੋਂ ਅਣਗਹਿਲੀਂ ਦੀ ਖ਼ਬਰ ਸਾਹਮਣੇ ਆਈ ਹੈ। ਕੁਝ ਦਿਨ ਪਹਿਲਾਂ ਦੋਆਬਾ ਹਸਪਤਾਲ ‘ਚ ਇਕ ਗਰਭਵਤੀ ਔਰਤ ਨੂੰ ਇਲਾਜ ਲਈ ਲਿਆਂਦਾ ਗਿਆ ਸੀ ਜਿੱਥੇ ਉਸ ਨੇ ਇਕ ਬੱਚੇ ਨੂੰ ਜਨਮ ਦਿੱਤਾ। ਕੁਝ ਸਮਾਂ ਬਾਅਦ ਹੀ ਉਸ ਦੀ ਸਿਹਤ ਵਿਗੜ ਗਈ ਜਿਸ ਨੂੰ ਡਾਕਟਰਾਂ ਨੇ ਕਿਸੇ ਹੋਰ ਹਸਪਤਾਲ ਵਿਚ ਰੈਫਰ ਕਰ ਦਿੱਤਾ ।ਦੂਜੇ ਹਸਪਤਾਲ ਵਾਲਿਆਂ ਵੱਲੋਂ ਵੀ ਉਸ ਨੂੰ ਇਲਾਜ ਦੌਰਾਨ ਹੀ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਨੇ ਦੋਆਬਾ ਹਸਪਤਾਲ ਦੇ ਡਾਕਟਰਾਂ ਦੇ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਪਰ ਪੁਲਿਸ ਵੱਲੋਂ ਕੋਈ ਵੀ ਜਾਂਚ ਨਾ ਕੀਤੇ ਜਾਣ ਤੋਂ ਗੁੱਸੇ ਵਿਚ ਆਏ ਪਰਿਵਾਰ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਅੱਜ ਦੋਆਬਾ ਹਸਪਤਾਲ ਦੇ ਬਾਹਰ ਧਰਨਾ ਲਗਾ ਕੇ ਹਸਪਤਾਲ ਅਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ।

ਮ੍ਰਿਤਕਾ ਦੇ ਪਤੀ ਜਿਤੇਂਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਬਾਵਜੂਦ ਵੀ ਪੁਲਿਸ ਨੇ ਹਸਪਤਾਲ ਦੇ ਡਾਕਟਰ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਅਤੇ ਉਸ ਨੂੰ ਰੋਜ਼ਾਨਾ ਹੀ ਥਾਣੇ ਬੁਲਾ ਕੇ ਸਾਰਾ ਦਿਨ ਬਿਠਾਈ ਰੱਖਿਆ ਜਾਂਦਾ ਹੈ ਅਤੇ ਸ਼ਾਮ ਇਹੀ ਕਹਿ ਕੇ ਭੇਜ ਦਿੱਤਾ ਜਾਂਦਾ ਹੈ ਕਿ ਵੱਡੇ ਸਾਬ੍ਹ ਹਾਲੇ ਆਏ ਨਹੀਂ ਹੈ।ਜਤਿੰਦਰ ਨੇ ਦੱਸਿਆ ਕਿ ਜਦ ਤਕ ਦੋਆਬਾ ਹਸਪਤਾਲ ਦੇ ਡਾਕਟਰ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਜਾਵੇਗੀ ਤਦ ਤਕ ਉਹ ਸੰਘਰਸ਼ ਜਾਰੀ ਰੱਖਣਗੇ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚ ਚੁੱਕੀ ਹੈ ਅਤੇ ਧਰਨਾ ਲਗਾ ਕੇ ਬੈਠੇ ਲੋਕਾਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ।

error: Content is protected !!